ਟਿਕਟਾਂ ਦੀ ਵੰਡ ਨੂੰ ਲੈ ਕੇ ਆਪਸੀ ਕਾਟੋ ਕਲੇਸ਼ ‘ਚ ਉਲਝੀ ਕਾਂਗਰਸ
ਪੜ੍ਹੋ,ਕਿਹਨਾਂ ਸੀਟਾਂ ‘ਤੇ ਨਹੀਂ ਬਣ ਰਹੀ ਸਹਿਮਤੀ
ਚੰਡੀਗੜ੍ਹ,15 ਜਨਵਰੀ(ਵਿਸ਼ਵ ਵਾਰਤਾ)- ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਦੀਆਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਮੈਰਾਥਨ ਮੀਟਿੰਗਾਂ ਚੱਲ ਰਹੀਆਂ ਹਨ। ਹਰ ਰੋਜ ਇਹ ਕਿਆਸ ਲਗਾਏ ਜਾ ਰਹੇ ਹਨ ,ਕਿ ਅੱਜ ਕਾਂਗਰਸ ਉਮੀਦਵਾਰਾਂ ਦੀ ਪਹਿਲੀ ਸੂਚੀ ਜਨਤਕ ਕਰ ਦੇਵੇਗੀ।ਪਰ,ਟਿਕਟਾਂ ਦੀ ਵੰਡ ਨੂੰ ਲੈ ਕੇ ਨਵਜੋਤ ਸਿੱਧੂ,ਸੁਨੀਲ ਜਾਖੜ ਅਤੇ ਮੁੱਖ ਮੰਤਰੀ ਚੰਨੀ ਵਿਚਾਲੇ ਕਈ ਸੀਟਾਂ ‘ਤੇ ਸਹਿਮਤੀ ਨਾ ਬਣਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਕਾਂਗਰਸ ਵੱਲੋਂ 70 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਲਗਭਗ ਤੈਅ ਹੀ ਸੀ ਕਿ ਤਿੰਨ ਚਾਰ ਸੀਟਾਂ ਤੇ ਕੂੰਡੀ ਅੜ ਗਈ । ਇਹਨਾਂ ਵਿੱਚ ਸਭ ਤੋਂ ਪਹਿਲੀ ਸੀਟ ਆਦਮਪੁਰ ਹੈ,ਜੋ ਕਿ ਐਸਸੀ ਭਾਈਚਾਰੇ ਦਾ ਗੜ੍ਹ ਮੰਨੀ ਜਾਂਦੀ ਹੈ। ਮੁੱਖ ਮੰਤਰੀ ਚੰਨੀ ਵੱਲੋਂ ਇਸ ਸੀਟ ਤੇ ਖੁਦ ਮੈਦਾਨ ਵਿੱਚ ਉਤਰਨ ਜਾਂ ਫਿਰ ਮਹਿੰਦਰ ਕੇ.ਪੀ ਨੂੰ ਇੱਥੋਂ ਟਿਕਟ ਦੇਣ ਲਈ ਜੋਰ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੋਗਾ ਨੂੰ ਲੈ ਕੇ ਵੀ ਕਾਂਗਰਸ ਕਾਫੀ ਸ਼ਸ਼ੋਪੰਜ ਵਿੱਚ ਹੈ। ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਿਲ ਹੋਈ ਮਾਲਵਿਕਾ ਸੂਦ ਨੂੰ ਟਿਕਟ ਦਿੱਤੇ ਜਾਣ ਤੋਂ ਪਹਿਲਾਂ ਹੀ ਉੱਥੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਨੇ ਉਹਨਾਂ ਦਾ ਖੁੱਲ੍ਹੇ ਤੌਰ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਟਿਕਟ ਨਾ ਮਿਲਣ ‘ਤੇ ਆਜ਼ਾਦ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਮਾਨਸਾ ਦੀ ਸੀਟ ਵੀ ਕਾਂਗਰਸ ਲਈ ਗਲ਼ੇ ਦੀ ਹੱਡੀ ਬਣੀ ਹੋਈ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਮਾਨਸਾ ਤੋਂ ਟਿਕਟ ਲੜਨ ਦੀ ਚਰਚਾ ਜੋਰਾਂ ਤੇ ਹੈ, ਜੋ ਕਿ ਟਕਸਾਲੀ ਆਗੂਆਂ ਨੂੰ ਰਾਸ ਨਹੀਂ ਆ ਰਹੀ। ਮਾਨਸਾ ਤੋਂ ਮੌਜੂਦਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖ ਕੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਉਹਨਾਂ ਨੇ ਸਿੱਧੂ ਨੂੰ ਟਿਕਟ ਦਿੱਤੇ ਜਾਣ ‘ਤੇ ਸਖਤ ਵਿਰੋਧ ਕਰਨ ਅਤੇ ਨਾਲ ਹੀ ਉਹਨਾਂ ਵੱਲੋਂ ਹੋਰ ਬਦਲ ਅਪਣਾਉਣ ਦੀ ਗੱਲ ਵੀ ਕਹੀ ਗਈ ਹੈ।