ਟਾਟਾ ਟੈਕਨਾਲੋਜਿਜ਼ ਵੱਲੋਂ ਪੰਜਾਬ ਵਿੱਚ ਇਲੈਕਟ੍ਰੀਕਲ ਵਾਹਨਾਂ ਦਾ ਉਤਪਾਦਨ ਕੇਂਦਰ ਸਥਾਪਤ ਕਰਨ ਦੀ ਪੇਸ਼ਕਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ ਦਿੱਤਾ
ਚੰਡੀਗੜ੍ਹ, 4 ਮਈ (ਵਿਸ਼ਵ ਵਾਰਤਾ)-ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਦੇ ਉਦੇਸ਼ ਨਾਲ ਟਾਟਾ ਟੈਕਨਾਲੋਜਿਜ਼ ਨੇ ਵੱਡੀ ਪਹਿਲਕਦਮੀ ਤਹਿਤ ਪੰਜਾਬ ਵਿੱਚ ਆਪਣਾ ਮਹੱਤਵਪੂਰਨ ਇਲੈਕਟ੍ਰਿਕ ਵਾਹਨ ਉਤਪਾਦਨ ਕੇਂਦਰ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਪੇਸ਼ਕਸ਼ ਟਾਟਾ ਟੈਕਨਾਲੋਜਿਜ਼ ਦੇ ਇੱਕ ਵਫ਼ਦ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਦੌਰਾਨ ਕੀਤੀ।
ਵਿਚਾਰ-ਵਟਾਂਦਰੇ ਦੌਰਾਨ ਟਾਟਾ ਟੈਕਨਾਲੋਜਿਜ਼ ਦੇ ਗਲੋਬਲ ਸੀਈਓ ਵਾਰੇਨ ਹੈਰਿਸ, ਪ੍ਰੈਜੀਡੈਂਟ ਗਲੋਬਲ ਐਚਆਰ ਐਂਡ ਆਈਟੀ ਪਵਨ ਭਗੇਰੀਆ ਅਤੇ ਹੋਰਾਂ ਦੀ ਸ਼ਮੂਲੀਅਤ ਵਾਲੇ ਇਸ ਵਫ਼ਦ ਨੇ ਇਸ ਯੂਨਿਟ ਨੂੰ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਜਿਸ ਤਹਿਤ ਸੂਬੇ ਵਿੱਚ ਮੌਜੂਦਾ ਸਮੇਂ 250 ਕਰੋੜ ਰੁਪਏ ਦੇ ਨਿਵੇਸ਼ ਅਤੇ ਭਵਿੱਖ ਵਿੱਚ 1600 ਕਰੋੜ ਰੁਪਏ ਦੇ ਨਿਵੇਸ਼ ਹੋਵੇਗਾ। ਵਫ਼ਦ ਨੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਵਿੱਚ ਸਾਫ਼-ਸੁਥਰੀ ਵਾਹਨ ਪ੍ਰਣਾਲੀ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ‘ਤੇ ਜ਼ੋਰ ਦੇਵੇਗਾ। ਦੌਰੇ ‘ਤੇ ਆਏ ਵਫ਼ਦ ਨੇ ਕਿਹਾ ਕਿ ਕੰਪਨੀ ਸੂਬੇ ਵਿੱਚ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਵੀ ਯਕੀਨੀ ਬਣਾਏਗੀ।
ਇਸ ਪਹਿਲਕਦਮੀ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਲਈ ਟਾਟਾ ਟੈਕਨਾਲੋਜਿਜ਼ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਪ੍ਰਾਜੈਕਟਾਂ ਰਾਹੀਂ ਇੱਥੇ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕਰਕੇ ਆਪਣੇ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਵਾਲੇ ਪੰਜਾਬੀ ਨੌਜਵਾਨਾਂ ਦੇ ਰੁਝਾਨ ਨੂੰ ਵਾਪਸੀ ਦਾ ਮੋੜ ਦਿੱਤਾ ਜਾ ਸਕੇ।
ਇਸ ਬਾਰੇ ਹੋਰ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਪਣੇ ਉੱਦਮ ਸਥਾਪਤ ਕਰਨ ਲਈ ਪਹਿਲਾਂ ਤੋਂ ਹੀ ਦੇਸ਼ ਭਰ ਦੇ ਹੋਰ ਉਦਯੋਗਿਕ ਕਾਰੋਬਾਰੀਆਂ ਨੂੰ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਵੱਧ ਅਨੁਕੂਲ ਸਥਾਨਾਂ ਵਜੋਂ ਉਭਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਅਤੇ ਮਿਹਨਤੀ, ਸਮਰਪਿਤ ਅਤੇ ਹੁਨਰਮੰਦ ਮਨੁੱਖੀ ਸਰੋਤ ਕਿਸੇ ਵੀ ਉਦਯੋਗਿਕ ਵਿਕਾਸ ਲਈ ਵਰਦਾਨ ਹਨ।
ਇਸ ਦੌਰਾਨ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ (ਐਲ.ਟੀ.ਐਸ.ਯੂ), ਐਂਕਰ ਪਾਰਟਨਰ ਆਈ.ਬੀ.ਐਮ, ਟਾਟਾ ਟੈਕਨਾਲੋਜਿਜ਼ ਅਤੇ ਐਨਸਿਸ ਕਾਰਪੋਰੇਸ਼ਨ ਨਾਲ ਇਨੋਵੇਸ਼ਨ ਸੈਂਟਰ ਫਾਰ ਐਜੂਕੇਸ਼ਨ ਰਾਹੀਂ 602 ਕਰੋੜ ਰੁਪਏ ਦੇ ਨਿਵੇਸ਼ ਵਾਲੇ ਉੱਚ ਪੱਧਰੀ ਤਕਨਾਲੋਜੀ ਲੈਬਾਂ ਦੀ ਸਥਾਪਨਾ ਲਈ ਸਹਿਯੋਗ ਕਰੇਗੀ। ਇਸ ਨਾਲ ਸੂਬੇ ਵਿੱਚ ਉਦਯੋਗਿਕ ਘਰਾਣਿਆਂ ਲਈ ਲੋੜੀਂਦੇ ਹੁਨਰਮੰਦ ਕਿਰਤੀਆਂ ਦਾ ਪੂਲ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਅਤੇ ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਜਸਪ੍ਰੀਤ ਤਲਵਾੜ ਸ਼ਾਮਲ ਸਨ।
ਇਸ ਮੌਕੇ ਲਾਮਰੀਨ ਟੈਕਨੀਕਲ ਯੂਨੀਵਰਸਿਟੀ ਦੇ ਕੁਲਪਤੀ ਡਾ: ਸੰਦੀਪ ਸਿੰਘ ਕੌੜਾ, ਪ੍ਰਧਾਨ ਆਰ.ਈ.ਆਰ.ਟੀ. ਨਿਰਮਲ ਸਿੰਘ ਰਿਆਤ ਅਤੇ ਡਾਇਰੈਕਟਰ ਲਾਮਰੀਨ ਯੂਨੀਵਰਸਿਟੀ ਸਤਬੀਰ ਸਿੰਘ ਵੀ ਹਾਜ਼ਰ ਸਨ।