ਟਾਂਡਾ ‘ਚ ਪੰਜਾਬ ਰੋਡਵੇਜ਼ ਤੇ ਪ੍ਰਾਈਵੇਟ ਬੱਸ ਦੀ ਟੱਕਰ ,12 ਤੋਂ ਵੱਧ ਸਵਾਰੀਆਂ ਜ਼ਖਮੀ
ਚੰਡੀਗੜ੍ਹ, 9ਸਤੰਬਰ(ਵਿਸ਼ਵ ਵਾਰਤਾ)- ਹੁਸ਼ਿਆਰਪੁਰ ਦੇ ਟਾਂਡਾ ‘ਚ 2 ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ‘ਚ 12 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇਹ ਟੱਕਰ ਇੱਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਕਾਰ ਹੋਈ। ਸਾਰੇ ਜ਼ਖਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਟਾਂਡਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜਿੱਥੇ ਇਸ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਕੁਝ ਮਾਮੂਲੀ ਜਖਮੀਆਂ ਨੂੰ ਪੱਟੀ ਕਰਵਾ ਕੇ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਕਿ ਗੰਭੀਰ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਤੋਂ ਬਾਅਦ ਮਿੰਨੀ ਬੱਸ ਸੜਕ ‘ਤੇ ਪਲਟ ਗਈ। ਇਹ ਹਾਦਸਾ ਟਾਂਡਾ ਉੜਮੁੜ ਦੇ ਜਾਜਾ ਚੌਕ ਵਿਖੇ ਵਾਪਰਿਆ। ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁਲਿਸ ਅਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪਲਟੀ ਹੋਈ ਮਿੰਨੀ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ। ਮਿੰਨੀ ਬੱਸ ਵਿੱਚ ਕੋਈ ਵੀ ਅਜਿਹਾ ਯਾਤਰੀ ਨਹੀਂ ਬਚਿਆ ਜਿਸ ਨੂੰ ਸੱਟ ਨਾ ਲੱਗੀ ਹੋਵੇ। ਮੌਕੇ ’ਤੇ ਪਹੁੰਚ ਕੇ ਡੀਐਸਪੀ ਸਬ ਡਵੀਜ਼ਨ ਟਾਂਡਾ ਕੁਲਵੰਤ ਸਿੰਘ ਅਤੇ ਇੰਚਾਰਜ ਇੰਸਪੈਕਟਰ ਟਾਂਡਾ ਓਂਕਾਰ ਸਿੰਘ ਬਰਾੜ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਐਂਬੂਲੈਂਸ ਅਤੇ ਹੋਰ ਨਿੱਜੀ ਵਾਹਨਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਥਾਣਾ ਟਾਂਡਾ ਉੜਮੁੜ ਦੇ ਇੰਚਾਰਜ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਮਗਰੋਂ ਹਾਦਸਾਗ੍ਰਸਤ ਦੋਵੇਂ ਬੱਸਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।