ਟਰੱਕ ਤੇ ਪਿਕਅੱਪ ਵਿਚਾਲੇ ਹੋਈ ਟੱਕਰ ‘ਚ 11 ਦੀ ਮੌਤ, 15 ਲੋਕ ਜ਼ਖਮੀ
ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ)-ਛੱਤੀਸਗੜ੍ਹ ਦੇ ਬਲੋਦਾਬਾਜ਼ਾਰ-ਭਾਟਾਪਾੜਾ ਰੋਡ ‘ਤੇ ਵੀਰਵਾਰ ਦੇਰ ਰਾਤ ਇਕ ਟਰੱਕ ਅਤੇ ਪਿਕਅੱਪ ਵਿਚਾਲੇ ਹੋਈ ਟੱਕਰ ‘ਚ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 15 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਪਰਿਵਾਰਕ ਕੰਮ ਲਈ ਖਿਲੋਰਾ ਤੋਂ ਅਰਜੁਨੀ ਪਿੰਡ ਆਏ ਸਨ। ਮਰਨ ਵਾਲਿਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪਤਾ ਲੱਗਿਆ ਹੈ ਕਿ ਬਲੋਦਾਬਾਜ਼ਾਰ ਦੇ ਖਿਲੋਰਾ ਤੋਂ ਸਾਹੂ ਪਰਿਵਾਰ ਦੇ ਮੈਂਬਰ ਪਿਕਅੱਪ ਵਿੱਚ ਅਰਜੁਨੀ ਗਏ ਸਨ। ਉਹ ਦੇਰ ਰਾਤ ਵਾਪਸ ਪਰਤ ਰਹੇ ਸਨ। ਫਿਰ ਖਮਾਰੀਆ ਦੇ ਡੀਪੀਡਬਲਯੂਐਸ ਸਕੂਲ ਨੇੜੇ ਪਿਕਅੱਪ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿੱਕਅੱਪ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 15 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਇਲਾਵਾ ਨੇੜਲੇ ਹੋਰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਜ਼ਖਮੀਆਂ ਨੂੰ ਰਾਏਪੁਰ ਰੈਫਰ ਕਰ ਦਿੱਤਾ ਗਿਆ ਹੈ।