ਟਰੰਪ ਤੋਂ ਪਹਿਲਾਂ ਇਨ੍ਹਾਂ ਅਮਰੀਕੀ ਰਾਸ਼ਟਰਪਤੀਆਂ ‘ਤੇ ਵੀ ਹੋਏ ਹਨ ਜਾਨਲੇਵਾ ਹਮਲੇ
ਨਵੀਂ ਦਿੱਲੀ 14ਜੁਲਾਈ (ਵਿਸ਼ਵ ਵਾਰਤਾ): ਅਮਰੀਕਾ ਦੇ ਪੇਂਸਲਵੇਨੀਆ ਵਿਚ ਇਕ ਚੋਣ ਪ੍ਰਚਾਰ ਰੈਲੀ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੋਲੀਆਂ ਮਾਰਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਤਲਾਨਾ ਹਮਲੇ ਵਿਚ ਗੋਲੀ ਉਨ੍ਹਾਂ ਦੇ ਕੰਨ ਨੂੰ ਛੁਹੰਦੀ ਹੋਈ ਲੰਘ ਗਈ। ਹਮਲੇ ‘ਚ ਟਰੰਪ ਜ਼ਖਮੀ ਹੋਏ ਪਰ ਉਨ੍ਹਾਂ ਦੀ ਜਾਨ ਬਚ ਗਈ ਹੈ। ਇਸ ਗੋਲੀਬਾਰੀ ‘ਚ ਇਕ ਆਮ ਨਾਗਰਿਕ ਦੀ ਜਾਨ ਚਲੀ ਗਈ ਹੈ। ਪੁਲਿਸ ਨੇ ਟਰੰਪ ‘ਤੇ ਹਮਲਾ ਕਰਨ ਵਾਲੇ ਨੂੰ ਵੀ ਮਾਰ ਸੁੱਟਿਆ ਹੈ। ਕਿਸੇ ਅਮਰੀਕੀ ਰਾਸ਼ਟਰਪਤੀ ‘ਤੇ ਹੋਇਆ ਇਹ ਕੋਈ ਪਹਿਲਾ ਹਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀਆਂ ‘ਤੇ ਇਸ ਤਰਾਂ ਦੇ ਜਾਨਲੇਵਾ ਹਮਲੇ ਹੋ ਚੁੱਕੇ ਹਨ। ਅਬ੍ਰਾਹਮ ਲਿੰਕਨ, ਜੇਮਜ਼ ਗਾਰਫੀਲਡ ਅਤੇ ਵਿਲੀਅਮ ਮੈਕਕਿਨਲੇ ਦੀਆਂ ਹੱਤਿਆਵਾਂ ਇਸ ਤਰਾਂ ਦੇ ਹਮਲਿਆਂ ‘ਚ ਹੋ ਚੁੱਕੀਆਂ ਹਨ। ਜੌਨ ਐੱਫ. ਕੈਨੇਡੀ ਦੀ ਹੱਤਿਆ ਨੇ ਵੀ ਅਮਰੀਕੀਆਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੱਤਾ ਸੀ। ਰਾਸ਼ਟਰਪਤੀ ਰੋਨਾਲਡ ਰੀਗਨ ਨੂੰ 1981 ਵਿੱਚ ਉਨ੍ਹਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਸ਼ੁਰੂ ਵਿੱਚ ਇੱਕ ਬੰਦੂਕਧਾਰੀ ਨੇ ਗੋਲੀ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਲਗਭਗ ਹਰ ਅਮਰੀਕੀ ਰਾਸ਼ਟਰਪਤੀ ਨੂੰ ਕਦੇ ਨਾ ਕਦੇ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਹੈ। ਪਰ ਬਹੁਤੀਆਂ ਕੋਸ਼ਿਸ਼ਾਂ ਨੂੰ ਸੁਰੱਖਿਆ ਫੋਰਸਾਂ ਵੱਲੋ ਨਾਕਾਮ ਕਰ ਦਿੱਤਾ ਗਿਆ। ਆਓ ਜਾਂਦੇ ਹਾਂ ਕਹਿੰਦੇ ਅਮਰੀਕੀ ਰਾਸ਼ਟਰਪਤੀ ਨੂੰ ਕਦੋ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ।
ਡੋਨਾਲਡ ਟਰੰਪ
ਡੋਨਾਲਡ ਟਰੰਪ ‘ਤੇ ਤਾਜ਼ਾ ਹੋਏ ਹਮਲੇ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਟਰੰਪ ਦੀ 2016 ਦੀ ਮੁਹਿੰਮ ਦੌਰਾਨ, ਇੱਕ 20 ਸਾਲਾ ਬ੍ਰਿਟਿਸ਼ ਵਿਅਕਤੀ ਨੇ ਟਰੰਪ ਦੀ ਇੱਕ ਰੈਲੀ ਵਿੱਚ ਲਾਸ ਵੇਗਾਸ ਦੇ ਇੱਕ ਪੁਲਿਸ ਅਧਿਕਾਰੀ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਉਸਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਰੋਨਾਲਡ ਰੀਗਨ
30 ਮਾਰਚ, 1981 ਨੂੰ, ਜੌਹਨ ਹਿਨਕਲੇ ਜੂਨੀਅਰ ਨੇ ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ‘ਤੇ ਛੇ ਗੋਲੀਆਂ ਚਲਾਈਆਂ। ਰੀਗਨ ਅਤੇ ਤਿੰਨ ਹੋਰਾਂ ਨੂੰ ਉਸਨੇ ਇਸ ਹਮਲੇ ‘ਚ ਸ਼ਿਕਾਰ ਬਣਾਇਆ । ਰਾਸ਼ਟਰਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਪਰ ਐਮਰਜੈਂਸੀ ਤੋਂ ਬਾਅਦ ਉਹ ਠੀਕ ਹੋ ਗਏ ਸਨ ।
ਜੈਰਾਲਡ ਫੋਰਡ
5 ਸਤੰਬਰ 1975 ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਫੋਰਡ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਰ ਤਿੰਨ ਹਫ਼ਤਿਆਂ ਬਾਅਦ, ਸਾਰਾ ਜੇਨ ਮੂਰ ਨੇ ਸੈਨ ਫਰਾਂਸਿਸਕੋ ਵਿੱਚ ਫੋਰਡ ਉੱਤੇ ਗੋਲੀ ਚਲਾ ਦਿੱਤੀ। ਜਿਸ ਨਾਲ ਇਹ ਦੋ ਔਰਤਾਂ ਅਮਰੀਕਾ ਦੇ ਇਤਿਹਾਸ ਵਿੱਚ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਪ੍ਰਮੁੱਖ ਅਪਰਾਧੀ ਬਣ ਗਈਆਂ।
ਰਾਬਰਟ ਐੱਫ. ਕੈਨੇਡੀ
ਸਰਹਾਨ ਸਿਰਹਾਨ ਨਾਮ ਦੇ ਵਿਅਕਤੀ ਨੇ ਲਾਸ ਏਂਜਲਸ ਵਿੱਚ 5 ਜੂਨ, 1968 ਨੂੰ ਡੈਮੋਕ੍ਰੇਟਿਕ ਪ੍ਰਾਇਮਰੀਜ਼ ਵਿੱਚ ਇੱਕ ਉਮੀਦਵਾਰ ਰਾਬਰਟ ਐੱਫ. ਕੈਨੇਡੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਥੀਓਡੋਰ ਰੂਜ਼ਵੈਲਟ
ਰੂਜ਼ਵੈਲਟ ਇੱਕ ਸਾਬਕਾ ਰਾਸ਼ਟਰਪਤੀ ਸੀ। 14 ਅਕਤੂਬਰ 1912 ਨੂੰ ਮਿਲਵਾਕੀ ਵਿੱਚ ਭਾਸ਼ਣ ਦਿੰਦੇ ਹੋਏ ਰੂਜ਼ਵੈਲਟ ‘ਤੇ ਹਮਲਾ ਕੀਤਾ ਗਿਆ ਸੀ। ਹਮਲੇ ਵੇਲੇ ਰੂਜ਼ਵੈਲਟ ਵਾਈਟ ਹਾਊਸ ਵਾਪਿਸ ਜਾਣ ਦੀ ਮੁਹਿੰਮ ਚਲਾ ਰਿਹਾ ਸੀ। ਉਸਨੇ ਆਪਣੀ ਜੇਬ ‘ਚ ਐਨਕਾਂ ਦਾ ਕੇਸ ਅਤੇ 50 ਪੇਜਾਂ ਦਾ ਨੋਟ ਪਾਇਆ ਸੀ ਜਿਸਨੇ ਉਸਨੂੰ ਗੋਲੀ ਤੋਂ ਬਚਾਅ ਲਿਆ। ਉਸਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਕਾਨੂੰਨੀ ਤੌਰ ਪਾਗਲ ਪਾਗਲ ਸਾਬਿਤ ਕਰਕੇ ਉਮਰ ਭਰ ਜੇਲ੍ਹ ਭੇਜ ਦਿੱਤਾ ਗਿਆ ਸੀ।
ਵਿਲੀਅਮ ਮੈਕਕਿਨਲੇ
ਮੈਕਕਿਨਲੇ ਨੂੰ ਬਫੇਲੋ, ਨਿਊਯਾਰਕ ਵਿੱਚ 6 ਸਤੰਬਰ, 1901 ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਉਸ ਦੀ ਜ਼ਖ਼ਮਾਂ ਕਾਰਨ ਮੌਤ ਹੋ ਗਈ ਸੀ। ਇਸਤੋਂ ਬਾਅਦ ਉਪ-ਰਾਸ਼ਟਰਪਤੀ ਰੂਜ਼ਵੈਲਟ ਨੂੰ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਾਇਆ ਗਿਆ। ਅਰਾਜਕਤਾਵਾਦੀ ਲਿਓਨ ਜ਼ੋਲਗੋਜ਼ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਜੇਮਸ ਗਾਰਫੀਲਡ
ਗਾਰਫੀਲਡ ਨੂੰ 2 ਜੁਲਾਈ, 1881 ਨੂੰ ਵਾਸ਼ਿੰਗਟਨ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਦੋ ਮਹੀਨਿਆਂ ਬਾਅਦ ਜ਼ਖ਼ਮਾਂ ਦੀਆਂ ਪੇਚੀਦਗੀਆਂ ਕਾਰਨ ਉਸਦੀ ਮੌਤ ਹੋ ਗਈ। ਲੇਖਕ ਅਤੇ ਵਕੀਲ ਚਾਰਲਸ ਗਿਟੇਉ ਨੂੰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਅਬ੍ਰਾਹਮ ਲਿੰਕਨ
ਲਿੰਕਨ ਨੂੰ 14 ਅਪ੍ਰੈਲ, 1865 ਨੂੰ ਵਾਸ਼ਿੰਗਟਨ ਵਿੱਚ, ਇੱਕ ਮਸ਼ਹੂਰ ਅਭਿਨੇਤਾ ਅਤੇ ਕੱਟੜਵਾਦੀ ਜੌਹਨ ਵਿਲਕਸ ਬੂਥ ਦੁਆਰਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਲਿੰਕਨ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ‘ਚ ਮਾਤਮ ਛਾ ਗਿਆ ਸੀ।