ਟਰੈਕਟਰ ਮਾਰਚ ਬਾਰੇ ਵਿਸ਼ੇਸ਼
ਕਿਸਾਨ ਅੰਦੋਲਨ 59ਵੇਂ ਦਿਨ ਵਿੱਚ ਸ਼ਾਮਲ
ਖੇਤੀ ਕਾਨੂੰਨਾਂ ਤੋਂ ਬਾਅਦ ਹੁਣ 26 ਜਨਵਰੀ ਦੀ ਟਰੈਕਟਰ ਪਰੇਡ ਬਾਰੇ ਵੀ ਰੇੜਕਾ ਜਾਰੀ
ਕਿਸਾਨ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਹੋ ਰਹੀ ਹੈ ਅਹਿਮ ਮੀਟਿੰਗ
ਮੀਟਿੰਗ ਵਿੱਚ ਦਿੱਲੀ ਤੋਂ ਇਲਾਵਾ ਨਾਲ ਲੱਗਦੇ ਰਾਜਾਂ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਿਲ
ਸਰਕਾਰ ਵੱਲੋਂ ਮੀਟਿੰਗਾਂ ਦੇ ਨਾਲ- ਨਾਲ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਵੀ ਜਾਰੀ
ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦੀਆਂ ਛੁੱਟੀਆਂ ਹੋਈਆਂ ਰੱਦ
ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਨਹੀਂ ਤਿਆਰ, ਕਿਸਾਨ ਆਗੂ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਕੋਈ ਗੱਲ ਮੰਨਣ ਨੂੰ ਨਹੀਂ ਤਿਆਰ ਤੇ ਨਾਲ ਹੀ ਕਿਸਾਨ 26ਜਨਵਰੀ ਗਣਤੰਤਰ ਦਿਵਸ ਤੇ ਇਤਿਹਾਸਕ ਟਰੈਕਟਰ ਮਾਰਚ ਨੂੰ ਹੋ ਰਹੇ ਹਨ ਤਿਆਰ-ਬਰ-ਤਿਆਰ
ਨਵੀਂ ਦਿੱਲੀ, 23ਜਨਵਰੀ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਰੇੜਕਾ ਅਜੇ ਵੀ ਜਾਰੀ ਹੈ ਜਦ ਕਿ ਕੜਾਕੇ ਦੀ ਠੰਢ ਦੇ ਬਾਵਜੂਦ ਹਜ਼ਾਰਾਂ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ, ਹੁਣ 26ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਕਿਸਾਨਾਂ ਵੱਲੋਂ ਐਲਾਨੇ ਇਤਿਹਾਸਕ ਟਰੈਕਟਰ ਮਾਰਚ ਬਾਰੇ ਵੀ ਰੇੜਕਾ ਜਾਰੀ ਹੈ। ਇਸ ਸੰਬੰਧ ਵਿੱਚ ਅੱਜ ਇਸ ਸਮੇਂ ਦਿੱਲੀ ਅਤੇ ਨਾਲ ਲੱਗਦੇ ਰਾਜਾਂ ਦੇ ਪੁਲਿਸ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਚੌਥੇ ਗੇੜ ਦੀ ਮੀਟਿੰਗ ਜਾਰੀ ਹੈ। ਜਿਥੇ ਕਿਸਾਨ ਦਿੱਲੀ ਦੀ ਆਊਟਰ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਲਈ ਬਜਿੱਦ ਹਨ ਉਥੇ ਹੀ ਦਿੱਲੀ ਦੀ ਪੁਲਿਸ ਦੇ ਉਚ ਅਧਿਕਾਰੀ ਕਿਸਾਨਾਂ ਨੂੰ ਇਹ ਮਾਰਚ ਨਾ ਕੱਢਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਟਰੈਕਟਰ ਮਾਰਚ ਨੂੰ ਲੈ ਕੇ ਜਿਥੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਿਛਲੇ ਕਈ ਦਿਨਾਂ ਇਸ ਟਰੈਕਟਰ ਮਾਰਚ ਨੂੰ ਇਤਿਹਾਸਕ ਟਰੈਕਟਰ ਮਾਰਚ ਬਣਾਉਣ ਲਈ ਦਿਨ-ਰਾਤ ਤਿਆਰੀਆਂ ਵਿੱਚ ਜੁੱਟੇ ਹੋਏ ਹਨ। ਉਥੇ ਹਰਿਆਣਾ ਸਰਕਾਰ ਨੇ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਆਪਣੀ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਕੇ ਉਹਨਾਂ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ ਹੈ।
ਹੁਣ ਪੁਲਿਸ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਵਿਚਕਾਰ ਚੱਲ ਰਹੀ ਮੀਟਿੰਗ ਤੋਂ ਹੀ ਪਤਾ ਚੱਲੇਗਾ ਕਿ ਪੁਲਿਸ ਕਿਸਾਨ ਆਗੂਆਂ ਅੱਗੇ ਝੁਕਦੀ ਹੋਈ ਟਰੈਕਟਰ ਮਾਰਚ ਕੱਢਣ ਦੀ ਆਗਿਆ ਦੇਵੇਗੀ ਜਾਂ ਫਿਰ ਗਣਤੰਤਰ ਦਿਵਸ ਮੌਕੇ ਤੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ ਦੀ ਸਥਿਤੀ ਬਣੇਗੀ? ਇਥੇ ਇਹ ਗੱਲ ਵਰਨਣਯੋਗ ਹੈ ਕਿ ਦਿੱਲੀ ਪੁਲਿਸ ਨੇ ਇਸ ਟਰੈਕਟਰ ਮਾਰਚ ਤੇ ਪਾਬੰਦੀ ਲਗਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਪਰੰਤੂ ਸੁਪਰੀਮ ਕੋਰਟ ਨੇ ਇਸ ਸੰਬੰਧ ਵਿੱਚ ਕੋਈ ਦਖਲ ਨਾ ਦਿੰਦਿਆਂ ਦਿੱਲੀ ਪੁਲਿਸ ਨੂੰ ਹੀ ਇਸ ਸੰਬੰਧੀ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਸਨ।