ਇਤਿਹਾਸਕ ਕਿਸਾਨ ਅੰਦੋਲਨ 63ਵੇਂ ਦਿਨ ਵਿੱਚ ਦਾਖਲ
ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਤੇ ਵਿਚਾਰ ਕਰਨ ਲਈ ਕਿਸਾਨ ਆਗੂਆਂ ਦੀ ਮੀਟਿੰਗ ਅੱਜ
ਵਾਪਰੀਆਂ ਘਟਨਾਵਾਂ ਤੇ ਹੋਵੇਗਾ ਮੰਥਨ
ਅੰਦੋਲਨ ਨੂੰ ਜਾਰੀ ਰੱਖਣ ਲਈ ਕੀਤੇ ਜਾਣਗੇ ਅਹਿਮ ਫੈਸਲੇ
ਮੀਟਿੰਗ ਵਿੱਚ ਦੀਪ ਸਿੱਧੂ ਦੇ ਰੋਲ ਬਾਰੇ ਹੋਵੇਗੀ ਖੁੱਲ੍ਹ ਕੇ ਚਰਚਾ
ਨਵੀਂ ਦਿੱਲੀ, 27ਜਨਵਰੀ(ਨਵਜੋਤ ਕੌਰ ਪਨੂੰਆਂ,ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਚੱਲ੍ਹ ਰਿਹਾ ਇਤਿਹਾਸਕ ਕਿਸਾਨ ਅੰਦੋਲਨ 63ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹ ਅੰਦੋਲਨ ਜੋ ਕਿ ਮੁਕੰਮਲ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਹੈ,ਵਿੱਚ ਕੱਲ੍ਹ ਉਸ ਵੇਲੇ ਵਿਘਨ ਪੈ ਗਿਆ ਜਦੋਂ ਕਿ ਕੱਢੀ ਜਾ ਰਹੀ ਇਤਿਹਾਸਕ ਟਰੈਕਟਰ ਪਰੇਡ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰ ਗਈਆਂ ਜਿਸ ਨਾਲ ਕਿ ਕਿਸਾਨ ਅੰਦੋਲਨ ਦੀ ਨੁਕਤਾਚੀਨੀ ਹੋਣੀ ਸ਼ੁਰੂ ਹੋ ਗਈ। ਇਹਨਾਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਿਸਾਨ ਆਗੂਆਂ ਨੇ ਅੱਜ ਦੁਪਹਿਰ 12ਵਜੇ ਸਿੰਘੂ ਬਾਰਡਰ ਤੇ ਇਕ ਹੰਗਾਮੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਅੰਦੋਲਨ ਚਲਾ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਿੱਸਾ ਲੈਣਗੇ। ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਅੰਦੋਲਨ ਦੀ ਮੌਜੂਦਾ ਹਾਲਾਤਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਜਾਵੇਗੀ ਅਤੇ ਕੱਲ੍ਹ ਵਾਪਰੀਆਂ ਘਟਨਾਵਾਂ ਦੀ ਪੂਰੀ ਬਾਰੀਕੀ ਨਾਲ ਸਮੀਖਿਆ ਕੀਤੀ ਜਾਵੇਗੀ। ਕਿਸਾਨ ਆਗੂਆਂ ਵੱਲੋਂ ਅੰਦੋਲਨ ਨੂੰ ਅੱਗੇ ਵਧਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸੰਬੰਧੀ ਕਈ ਵੱਡੇ ਫੈਸਲੇ ਵੀ ਲਏ ਜਾ ਸਕਦੇ ਹਨ। ਮੀਟਿੰਗ ਵਿੱਚ ਜੋਸ਼ ਅਤੇ ਹੋਸ਼ ਨੂੰ ਕਾਇਮ ਰੱਖਣ ਲਈ ਕਈ ਨਵੀਆਂ ਨੀਤੀਆਂ ਤਿਆਰ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਮੀਟਿੰਗ ਵਿੱਚ ਪੰਜਾਬੀ ਕਲਾਕਾਰ ਦੀਪ ਸਿੱਧੂ ਵੱਲੋਂ ਲਾਲ ਕਿਲ੍ਹੇ ਵਿਖੇ ਨਿਭਾਏ ਰੋਲ ਬਾਰੇ ਵੀ ਖੁੱਲ੍ਹ ਕੇ ਵਿਚਾਰਾਂ ਹੋਣਗੀਆਂ। ਦੀਪ ਸਿੱਧੂ ਉਤੇ ਫਿਲਮੀ ਸਟਾਰ ਅਤੇ ਭਾਜਪਾ ਐਮ.ਪੀ ਸਨੀ ਦਿਓਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਛਪੀਆਂ ਤਸਵੀਰਾਂ ਅਤੇ ਦੀਪ ਸਿੱਧੂ ਵੱਲੋਂ ਲਾਲ ਕਿਲ੍ਹੇ ਵਿਖੇ ਕੱਲ੍ਹ 26ਜਨਵਰੀ ਨੂੰ ਕੀਤੀਆਂ ਤਕਰੀਰਾਂ ਅਤੇ ਦੀਪ ਸਿੱਧੂ ਦੇ ਸਟੇਜ ਛੱਡ ਕੇ ਭੱਜਣ ਦੀਆਂ ਵਾਇਰਲ ਹੋਈਆਂ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।