ਝੁੱਗੀ ਵਿੱਚ ਅੱਗ ਲੱਗਣ ਕਾਰਨ ਪੂਰੇ ਪਰਿਵਾਰ ਦੇ ਜਿੰਦਾ ਸੜਨ ਦੇ ਮਾਮਲੇ ਵਿੱਚ ਲੁਧਿਆਣਾ ਨਗਰ ਨਿਗਮ ਨੂੰ ‘ਤੇ ਲੱਗਿਆ 100 ਕਰੋੜ ਰੁਪਏ ਦਾ ਜੁਰਮਾਨਾ
ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ 20 ਅਪ੍ਰੈਲ 2022 ਦੀ ਰਾਤ ਨੂੰਤਾਜਪੁਰ ਰੋਡ ਡੰਪ ਸਾਈਟ ‘ਤੇ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਝੁੱਗੀ ਵਿੱਚ ਸੁੱਤੇ ਪਏ 7 ਲੋਕ ਜ਼ਿੰਦਾ ਸੜ ਕੇ ਮਰ ਗਏ ਸਨ। ਮ੍ਰਿਤਕਾਂ ਦੀ ਪਛਾਣ ਸੁਰੇਸ਼ (55), ਉਸ ਦੀ ਪਤਨੀ ਰੋਨਾ ਰਾਣੀ (50) ਅਤੇ ਉਨ੍ਹਾਂ ਦੇ ਬੱਚੇ ਰਾਖੀ (15), ਮਨੀਸ਼ਾ (10), ਚਾਂਦਨੀ (5), ਗੀਤਾ (6) ਅਤੇ ਸੰਨੀ (2) ਵਜੋਂ ਹੋਈ ਸੀ।
ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਲੁਧਿਆਣਾ ਨਗਰ ਨਿਗਮ ‘ਤੇ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਨਗਰ ਨਿਗਮ ਨੂੰ ਇਹ ਰਕਮ ਇਕ ਮਹੀਨੇ ਦੇ ਅੰਦਰ ਜ਼ਿਲਾ ਮੈਜਿਸਟ੍ਰੇਟ ਕੋਲ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਗਮ ਵੱਲੋਂ ਜਮ੍ਹਾਂ ਕਰਵਾਈ ਰਾਸ਼ੀ ਲਈ ਵੱਖਰਾ ਖਾਤਾ ਬਣਾਇਆ ਜਾਵੇਗਾ, ਜਿਸ ਦੀ ਨਿਗਰਾਨੀ ਕਮੇਟੀ ਵੱਲੋਂ ਕੀਤੀ ਜਾਵੇਗੀ।
ਹਾਦਸੇ ਤੋਂ ਬਾਅਦ ਐਨਜੀਟੀ ਦੀ ਟੀਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ। ਉਸ ਚੈਕਿੰਗ ਦੌਰਾਨ ਵੀ ਕਈ ਥਾਵਾਂ ’ਤੇ ਕੂੜੇ ਦੇ ਢੇਰਾਂ ’ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਤੋਂ ਬਾਅਦ ਨਿਗਮ ਅਧਿਕਾਰੀਆਂ ਦੀ ਐਨਜੀਟੀ ਟੀਮ ਨੇ ਕਲਾਸ ਵੀ ਲਗਾਈ ਸੀ। ਟ੍ਰਿਬਿਊਨਲ ਨੇ 25 ਜੁਲਾਈ, 2022 ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਕਿ ਜੇਕਰ ਨਿਗਮ 100 ਕਰੋੜ ਰੁਪਏ ਦੀ ਜੁਰਮਾਨੇ ਦੀ ਰਕਮ ਜਮ੍ਹਾ ਕਰਵਾਉਣ ਵਿੱਚ ਅਸਮਰੱਥ ਹੈ ਤਾਂ ਉਸ ਨੂੰ ਸੂਬਾ ਸਰਕਾਰ ਕੋਲ ਪਹੁੰਚ ਕਰਨੀ ਚਾਹੀਦੀ ਹੈ।
ਐਨਜੀਟੀ ਦੇ ਇਸ ਫੈਸਲੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ‘ਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਲੋਕਲ ਬਾਡੀ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਮਿਲ ਸਕਦੇ ਹਨ