ਜੰਮੂ-ਕਸ਼ਮੀਰ ਵਿੱਚ 8 ਘੰਟਿਆਂ ਦੇ ਅੰਦਰ ਹੋਏ 2 ਧਮਾਕੇ; ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ
ਚੰਡੀਗੜ੍ਹ,29 ਸਤੰਬਰ(ਵਿਸ਼ਵ ਵਾਰਤਾ)-ਜੰਮੂ-ਕਸ਼ਮੀਰ ਦੇ ਊਧਮਪੁਰ ‘ਚ 8 ਘੰਟਿਆਂ ਦੇ ਅੰਦਰ ਬੱਸਾਂ ‘ਚ ਦੋ ਧਮਾਕੇ ਹੋਏ। ਪਹਿਲਾ ਧਮਾਕਾ ਬੀਤੀ ਰਾਤ ਕਰੀਬ 10.30 ਵਜੇ ਡੋਮੇਲ ਚੌਕ ‘ਤੇ ਪੈਟਰੋਲ ਪੰਪ ਨੇੜੇ ਖੜ੍ਹੀ ਇਕ ਖਾਲੀ ਬੱਸ ‘ਚ ਹੋਇਆ। ਇਸ ‘ਚ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੂਜਾ ਧਮਾਕਾ ਅੱਜ ਸਵੇਰੇ 6 ਵਜੇ ਬੱਸ ਸਟੈਂਡ ‘ਤੇ ਖੜ੍ਹੀ ਇਕ ਖਾਲੀ ਬੱਸ ‘ਚ ਹੋਇਆ। ਇਸ ਧਮਾਕੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਊਧਮਪੁਰ ਪੁਲਿਸ ਅਤੇ ਹੋਰ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 4 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਜਾ ਰਹੇ ਹਨ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਦੋ ਧਮਾਕਿਆਂ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ।