ਜੰਤਰ-ਮੰਤਰ ‘ਤੇ ਪਹਿਲਵਾਨਾਂ ਦਾ ਧਰਨਾ 15ਵੇਂ ਦਿਨ ਵੀ ਜਾਰੀ
ਅੱਜ ਜੰਤਰ-ਮੰਤਰ ਤੇ ਹੀ ਹੋਵੇਗੀ ਖਾਪਾਂ ਦੀ ਮਹਾਪੰਚਾਇਤ
ਚੰਡੀਗੜ੍ਹ,7ਮਈ(ਵਿਸ਼ਵ ਵਾਰਤਾ) ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਹੈ। ਅੱਜ ਜੰਤਰ-ਮੰਤਰ ‘ਤੇ ਮਹਾਪੰਚਾਇਤ ਹੋਵੇਗੀ, ਜਿਸ ‘ਚ ਦੇਸ਼ ਭਰ ਤੋਂ ਵੱਖ-ਵੱਖ ਖਾਪਾਂ ਪਹੁੰਚਣਗੀਆਂ। ਹਰਿਆਣਾ, ਯੂ.ਪੀ., ਰਾਜਸਥਾਨ, ਪੰਜਾਬ ਅਤੇ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਵੱਡੀ ਗਿਣਤੀ ‘ਚ ਕਿਸਾਨ ਇੱਥੇ ਪਹੁੰਚਣਗੇ। ਇਸ ਦੇ ਮੱਦੇਨਜ਼ਰ ਹਰਿਆਣਾ ਨਾਲ ਲੱਗਦੀ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬਹਾਦਰਗੜ੍ਹ ‘ਚ ਦਿੱਲੀ ਸਰਹੱਦ ‘ਤੇ 5 ਥਾਵਾਂ ‘ਤੇ ਨਾਕੇ ਲਾਏ ਗਏ ਹਨ। ਕਿਸੇ ਵੀ ਸ਼ੱਕੀ ਵਾਹਨ ਨੂੰ ਦਿੱਲੀ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਆਪਣੀ ਮਹਾਂਪੰਚਾਇਤ ਸ਼ਾਂਤੀਪੂਰਵਕ ਕਰਵਾਵਾਂਗੇ। ਦਿੱਲੀ ਪੁਲਿਸ ਨੂੰ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਰੋਕਣਾ ਚਾਹੀਦਾ। ਜੇਕਰ ਪੁਲੀਸ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਜਾਂਦੀ ਹੈ ਤਾਂ ਉਸੇ ਥਾਣੇ ਵਿੱਚ ਮਹਾਂਪੰਚਾਇਤ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਵੱਡੀ ਪੱਧਰ ’ਤੇ ਔਰਤਾਂ ਦਿੱਲੀ ਦੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਸਮਰਥਨ ਲਈ ਕਾਫ਼ਲਿਆਂ ਦੇ ਰੂਪ ਵਿੱਚ ਸ਼ਾਮਲ ਹੋਣਗੀਆਂ।