ਜੰਗਲਾਤ ਵਿਭਾਗ ਘੁਟਾਲੇ ਵਿੱਚ ਹੁਣ ਈਡੀ ਵੱਲੋਂ ਵੀ ਜਾਂਚ ਤੇਜ, ਵਿਜੀਲੈਂਸ ਨੇ ਸੌਂਪਿਆ ਰਿਕਾਰਡ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਜੰਗਲਾਤ ਵਿਭਾਗ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਵੀ ਛੇਤੀ ਹੀ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਦਰਅਸਲ ਇਹ ਮਾਮਲਾ ਹੁਣ ਈਡੀ ਕੋਲ ਪਹੁੰਚ ਗਿਆ ਹੈ।
ਦੱਸ ਦਈਏ ਕਿ ਇਸ ਮਾਮਲੇ ‘ਚ ਜਿਸ ਤਰ੍ਹਾਂ ਦੇ ਖੁਲਾਸੇ ਹੋ ਰਹੇ ਸਨ ਕਿ ਮੁਲਜ਼ਮਾਂ ਵੱਲੋਂ ਵਿਭਾਗ ‘ਚ ਤਾਇਨਾਤੀ ਤੋਂ ਲੈ ਕੇ ਟਰੀ ਗਾਰਡ ਲਗਾਉਣ ਤੱਕ ਖੂਹ ਵੇਚਣ ਅਤੇ ਮਾਈਨਿੰਗ ਤੱਕ ਕਰੋੜਾਂ ਰੁਪਏ ਦੀ ਖੇਡ ਖੇਡੀ ਗਈ ਹੈ। ਇਸੇ ਦੇ ਮੱਦੇਨਜ਼ਰ ਈਡੀ ਪੰਜਾਬ ਦੇ ਜੰਗਲਾਤ ਵਿਭਾਗ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ‘ਤੇ ਲੰਮੇ ਸਮੇਂ ਤੋਂ ਨਜ਼ਰ ਰੱਖ ਰਹੀ ਸੀ। ਈਡੀ ਵੱਲੋਂ ਸਤੰਬਰ ਵਿੱਚ ਵਿਸ਼ੇਸ਼ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਰਾਹੀਂ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਬਿਊਰੋ ਤੋਂ ਮਾਮਲੇ ਨਾਲ ਸਬੰਧਤ ਰਿਕਾਰਡ ਮੰਗਿਆ ਗਿਆ ਸੀ।
ਪਟੀਸ਼ਨ ਵਿੱਚ ਈਡੀ ਨੇ ਵਿਜੀਲੈਂਸ ਬਿਊਰੋ ਨੂੰ ਚਾਰਜਸ਼ੀਟ ਅਤੇ ਹੋਰ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਪ੍ਰਦਾਨ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਉਹ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕਰ ਸਕੇ। ਇਸ ਤੋਂ ਬਾਅਦ ਵਿਜੀਲੈਂਸ ਦੀ ਤਰਫੋਂ ਜੰਗਲਾਤ ਘੁਟਾਲੇ ਨਾਲ ਸਬੰਧਤ ਦਸਤਾਵੇਜ਼ ਈਡੀ ਨੂੰ ਸੌਂਪ ਦਿੱਤੇ ਗਏ ਹਨ