ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਈਕਮਾਨ ਨੂੰ ਦੋ ਟੁਕ
ਜੇ ਫੈਸਲੇ ਲੈਣ ਦੀ ਖੁੱਲ੍ਹ ਨਾ ਮਿਲੀ ਤਾਂ ਖੜਕਾ ਦਿਆਂਗਾ ਇੱਟ ਨਾਲ ਇੱਟ: ਨਵਜੋਤ ਸਿੱਧੂ
ਅੰਮ੍ਹਿਤਸਰ : 27 ਅਗਸਤ(ਵਿਸ਼ਵ ਵਾਰਤਾ) ਆਪਣੇ ਬੇਬਾਕੀ ਭਰੇ ਬਿਆਨਾਂ ਲਈ ਜਾਣੇ ਜਾਂਦੇ ਅਤੇ ਕਾਂਗਰਸ ਵਿੱਚ ਆਪਣੀ ਹੀ ਸਰਕਾਰ ਪ੍ਰਤੀ ਬਾਗੀ ਸੁਰਾਂ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਕਾਂਗਰਸ ਹਾਈਕਮਾਨ ਨੂੰ ਵੀ ਚੈਲੰਜ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਤਾਂ ਬਣਾ ਦਿੱਤਾ ਹੈ,ਪਰ ਹਜੇ ਵੀ ਉਹਨਾਂ ਕੋਲ੍ਹ ਨਿਰਨੇ ਲੈਣ ਦੀ ਤਾਕਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨਿਰਨੇ ਲੈਣ ਦੀ ਖੁੱਲ੍ਹ ਨਾ ਮਿਲੀ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਉਨ੍ਹਾਂ ਕਿਹਾ ਕਿ ਨਾ ਉਹ ਸਹੁੰ ਖਾਂਦੇ ਹਨ , ਨਾ ਵਾਅਦਾ ਕਰਦੇ ਹਨ, ਬਸ ਵਚਨ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਫੈਸਲੇ ਲੈਣ ਦੀ ਖੁੱਲ੍ਹ ਮਿਲ ਜਾਵੇ ਤਾਂ ਕਾਂਗਰਸ 20 ਸਾਲ ਨਹੀਂ ਹਿੱਲੇਗੀ ਪਰ ਮੈਂ ਦਰਸ਼ਨੀ ਘੋੜਾ ਬਣ ਕੇ ਨਹੀਂ ਵਿਚਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਨਅਤਕਾਰ ਹੀ ਆਪਣੀ ਨੀਤੀ ਬਣਾਉਣਗੇ। ਉਨ੍ਹਾਂ ਕਿਹਾ ਕਿ ਅੱਜ ਰਾਜ ਦਾ ਖਜ਼ਾਨਾ ਖਾਲੀ ਹੈ ਪਰ ਪੰਜਾਬ ਮਾਡਲ ਪੰਜਾਬ ਦਾ ਖਜ਼ਾਨਾ ਭਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸਮੁੰਦਰ ਧਰਤੀ ਤੋਂ ਪਾਣੀ ਲੈਂਦਾ ਹੈ ਪਰ ਉਸਨੂੰ 4 ਗੁਣਾਂ ਕਰਕੇ ਮੋੜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਸਮੇਂ ਵਪਾਰ ਦਾ ਕੇਂਦਰ ਸੀ। ਅੱਜ ਵੀ ਇੱਥੋਂ 36 ਦੇਸ਼ਾਂ ਨੂੰ ਮਾਲ ਜਾਂਦਾ ਹੈ ਪਰ ਇਹ ਮਾਲ ਅਡਾਨੀਆਂ ਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਚਾਲੂ ਕਰਾਂਗੇ। ਉਨ੍ਹਾਂ ਕਿਹਾ ਕਿ ਲੋਕ ਨਿਰਾਸ਼ ਹਨ ਕਿਉਂਕਿ ਕੋਈ ਵੀ ਉਨ੍ਹਾਂ ਦੀਆਂ ਆਸਾਂ ‘ਤੇ ਪੂਰਾ ਨਹੀਂ ਉੱਤਰਿਆ। ਉਨ੍ਹਾਂ ਕਿਹਾ ਕਿ ਜਿਹੜੀ ਬਿਜਲੀ 17 ਰੁਪਏ ਨਾਲ ਖ੍ਰੀਦੀ ਜਾ ਰਹੀ ਹੈ ਉਹ ਲੋਕਾਂ ਨੂੰ 3 ਰੁਪਏ ਮਿਲੇਗੀ।