ਜੇ ਪੁਰਾਣੀ ਪਾਰਟੀਆਂ ਦੇ ਲੀਡਰ ਚੰਗੇ ਹੁੰਦੇ, ਤਾਂ ਅਸੀਂ ਤਿੰਨੋਂ ਕਲਾਕਾਰ ਜਿਹੜੇ ਇੱਥੇ ਬੈਠੇ ਹਾਂ, ਕਦੇ ਰਾਜਨੀਤੀ ਵਿੱਚ ਨਾ ਆਉਂਦੇ, ਅਸੀਂ ਤੁਹਾਡੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਲੜਾਈ ਲੜ ਰਹੇ ਹਾਂ: ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਲਈ ਗਿੱਦੜਬਾਹਾ ਅਤੇ ਰਾਮਪੁਰਾ ਫੂਲ ‘ਚ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਦਾ ਵਾਅਦਾ- ਮੈਂ ਉਦੋਂ ਤੱਕ ਨਹੀਂ ਥੱਕਾਂਗਾ, ਜਦੋਂ ਤੱਕ ਪੰਜਾਬ ਵਿੱਚੋਂ ਭਾਜਪਾ,ਅਕਾਲੀ ਦਲ ਅਤੇ ਕਾਂਗਰਸ ਦਾ ਸਫ਼ਾਇਆ ਨਹੀਂ ਕਰ ਦਿੰਦਾ
ਗਿੱਦੜਬਾਹਾ ਦੇ ਲੋਕਾਂ ਨੇ ਮਾਨ ਨੂੰ ਕਰਮਜੀਤ ਅਨਮੋਲ ਦੀ ਜਿੱਤ ਦਾ ਦਿੱਤਾ ਭਰੋਸਾ, ਕਿਹਾ- ਇਸ ਵਾਰ ਹੋਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਣੀ ਪੱਕੀ ਹੈ
ਮਹਿਰਾਜ ਕੈਪਟਨ ਦਾ ਜੱਦੀ ਪਿੰਡ, ਫਿਰ ਵੀ ਉਨ੍ਹਾਂ ਨੇ ਇਸ ਪਿੰਡ ਜਾਂ ਤੁਹਾਡੇ ਲੋਕਾਂ ਲਈ ਕਦੇ ਕੁਝ ਨਹੀਂ ਕੀਤਾ: ਭਗਵੰਤ ਮਾਨ
ਮੈਂ ਆਪਣੇ ਵੱਡੇ ਵੀਰ ਭਗਵੰਤ ਮਾਨ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਾਂਗਾ: ਕਰਮਜੀਤ ਅਨਮੋਲ
ਚੰਡੀਗੜ੍ਹ/ਫ਼ਰੀਦਕੋਟ, 27 ਮਈ (ਵਿਸ਼ਵ ਵਾਰਤਾ):-:ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਫ਼ਰੀਦਕੋਟ ‘ਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਗਿੱਦੜਬਾਹਾ ਅਤੇ ਰਾਮਪੁਰਾ ਫੂਲ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਕਰਮਜੀਤ ਅਨਮੋਲ ਨੂੰ ਲੋਕ ਸਭਾ ਵਿੱਚ ਆਪਣਾ ਨੁਮਾਇੰਦਾ ਚੁਣਨ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਕਰਮਜੀਤ ਇੱਕ ਆਮ ਅਤੇ ਗਰੀਬ ਪਰਿਵਾਰ ਤੋਂ ਆਉਂਦਾ ਹੈ, ਉਹ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਦਰਦਾਂ ਨੂੰ ਜਾਣਦਾ ਹੈ। ਉਹ ਸੰਸਦ ਵਿੱਚ ਤੁਹਾਡੀ ਬੁਲੰਦ ਆਵਾਜ਼ ਬਣੇਗਾ।
ਗਿੱਦੜਬਾਹਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਹੁਣ ਆਮ ਲੋਕਾਂ ਦਾ ਸਮਾਂ ਹੈ। ਸਾਨੂੰ ਹੁਣ ‘ਰਾਜੇ’ ‘ਰਾਜਵਾੜੇ’ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਕੁਝ ਨਹੀਂ ਪਤਾ, ਇਹਨਾਂ ਨੇ ਦਹਾਕਿਆਂ ਤੱਕ ਪੰਜਾਬ ਨੂੰ ਲੁੱਟ ਕੇ ਆਪਣੇ ਮਹਿਲ, ਹੋਟਲ ਬਣਾਏ, ਹੁਣ ਉਹ ਤੁਹਾਡੇ ਵਰਗੇ ਆਮ ਲੋਕਾਂ ਨੂੰ ‘ਮਲੰਗ’ ਕਹਿੰਦੇ ਹਨ, ਅਸੀਂ ‘ਮਲੰਗ’ ਹੁਣ ਉਨ੍ਹਾਂ ਨੂੰ ਹਾਰ ਦਾ ਸੁਆਦ ਚਖਾਵਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਰਹਿਣ ਅਤੇ ਆਪਣੀ ਵੋਟ ਬਰਬਾਦ ਨਾ ਕਰਨ। ਉਨ੍ਹਾਂ ਕਿਹਾ ਕਿ ਹੁਣ ਹਰਸਿਮਰਤ ਬਾਦਲ ਰੋ ਰਹੀ ਹੈ, ਬੱਸ 4 ਜੂਨ ਤੱਕ ਇੰਤਜ਼ਾਰ ਕਰੋ, ਉਹ ਚੀਕਾਂ ਮਾਰ ਕੇ ਰੋਏਗੀ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਹਰ ਰਾਤ ਸੌਣ ਲਈ ਰੋਂਦੇ ਹਨ।
ਮਾਨ ਨੇ ਕਿਹਾ ਕਿ ਮੈਂ ਆਪਣੇ ਲਈ ਵੋਟ ਨਹੀਂ ਮੰਗ ਰਿਹਾ, ਮੈਂ ਤੁਹਾਡੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ ਵੋਟਾਂ ਮੰਗ ਰਿਹਾ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 4 ਜੂਨ ਨੂੰ ਵਿਰੋਧੀ ਧਿਰ ਦੇ ਆਗੂਆਂ ਦੇ ਮੁਹ ਬੰਦ ਕਰ ਦੇਣ। ਮਾਨ ਨੇ ਕਿਹਾ ਕਿ ਪੋਲਿੰਗ ਮਸ਼ੀਨ ‘ਤੇ ‘ਝਾੜੂ’ ਦਾ ਬਟਨ ਤੀਜੇ ਨੰਬਰ ‘ਤੇ ਹੋਵੇਗਾ, ਪਰ ਇਹ ਯਕੀਨੀ ਬਣਾਓ ਕਿ ਇਹ ਨਤੀਜੇ ਵਾਲੇ ਦਿਨ ਪਹਿਲੇ ਨੰਬਰ ‘ਤੇ ਹੋਵੇ। ਉਨ੍ਹਾਂ ਕਿਹਾ ਕਿ ਕਰਮਜੀਤ ਅਨਮੋਲ ਫ਼ਰੀਦਕੋਟ ਦੇ ਲੋਕਾਂ ਦੇ ਨਾਲ ਹਰ ਹਾਲਤ ‘ਚ ਖੜ੍ਹੇ ਹੋਣਗੇ, ਇਸ ਲਈ ਉਨ੍ਹਾਂ ਨੂੰ ਸੰਸਦ ‘ਚ ਭੇਜੋ, ਉਹ ਉੱਥੇ ਤੁਹਾਡੇ ਮੁੱਦੇ ਉਠਾਉਣਗੇ ਅਤੇ ਤੁਹਾਡੇ ਕੰਮ ਕਰਵਾਉਣਗੇ।
ਰਾਮਪੁਰਾ ਫੂਲ ‘ਚ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿਰਾਜ ਕੈਪਟਨ ਦਾ ਜੱਦੀ ਪਿੰਡ ਹੈ ਪਰ ਫਿਰ ਵੀ ਉਨ੍ਹਾਂ ਨੇ ਇਸ ਪਿੰਡ ਜਾਂ ਇੱਥੋਂ ਦੇ ਲੋਕਾਂ ਲਈ ਕਦੇ ਕੁਝ ਨਹੀਂ ਕੀਤਾ। ਉਹ ਕਦੇ ਇਸ ਪਿੰਡ ਵਿੱਚ ਵੀ ਨਹੀਂ ਆਉਂਦੇ। ਪਰ ਹੁਣ ਤੁਹਾਡੇ ਕੋਲ ਕਰਮਜੀਤ ਅਨਮੋਲ ਵਰਗਾ ਉਮੀਦਵਾਰ ਹੈ ਜੋ ਤੁਹਾਡੀ ਆਵਾਜ਼ ਬਣੇਗਾ ਅਤੇ ਕੇਂਦਰ ਵਿੱਚ ਤੁਹਾਡੇ ਕੰਮ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ, ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਅਤੇ ਮੈਂ, ਅਸੀਂ ਸਾਰੇ ਪੰਜਾਬ ਦੇ ਚੋਟੀ ਦੇ ਕਲਾਕਾਰ ਹਾਂ, ਜੇਕਰ ਸਿਆਸਤਦਾਨ ਆਪਣਾ ਕੰਮ ਬਾਖ਼ੂਬੀ ਨਿਭਾਉਂਦੇ ਅਤੇ ਪੰਜਾਬ ਨੂੰ ਲੁੱਟਦੇ ਨਾ ਹੁੰਦੇ ਤਾਂ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਦੀ ਕੋਈ ਲੋੜ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ ਇਸ ਲਈ ਸਾਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਨਫ਼ਰਤ ਹੈ ਕਿ ਮਾਸਟਰ ਮਹਿੰਦਰ ਦਾ ਪੁੱਤ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ।
ਮੈਂ ਆਪਣੇ ਵੱਡੇ ਵੀਰ ਭਗਵੰਤ ਮਾਨ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਾਂਗਾ: ਕਰਮਜੀਤ ਅਨਮੋਲ
ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਐਨੀ ਭਿਆਨਕ ਗਰਮੀ ਦੇ ਬਾਵਜੂਦ ਰੋਡ ਸ਼ੋ ਵਿੱਚ ਆਉਣ ‘ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਉਨ੍ਹਾਂ ਦੇ ਵੱਡੇ ਭਰਾ ਹਨ, ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਹੋਏ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਫ਼ਰੀਦਕੋਟ ਦੇ ਲੋਕਾਂ ਦੀ ਸੇਵਾ ਕਰਨਗੇ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਦੇ ਲੋਕਾਂ ਦੀ ਤਰਫ਼ੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਅਤੇ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਰਾਮਪੁਰਾ ਫੂਲ ਤੋਂ ਕਰਮਜੀਤ ਅਨਮੋਲ ਦੀ ਜਿੱਤ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇਗਾ।