ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਬਿਕਰਮ ਮਜੀਠੀਆ ਵੱਲੋਂ ਅੱਜ ਕੀਤਾ ਜਾਵੇਗਾ ਸ਼ਕਤੀ ਪ੍ਰਦਰਸ਼ਨ
ਅਕਾਲੀ ਸਮਰਥਕਾਂ ਨਾਲ ਖਟਕੜ ਕਲਾਂ ਲਈ ਹੋਏ ਰਵਾਨਾ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤਾ)- ਨਸ਼ਾ ਤਸਕਰੀ ਮਾਮਲੇ ਵਿੱਚ ਜੇਲ੍ਹ ਵਿੱਚੋਂ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਅੱਜ ਸ਼ਕਤੀ ਪ੍ਰਦਰਸ਼ਨ ਕਰਨਗੇ। ਉਹ ਅੱਜ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ ‘ਤੇ ਮੱਥਾ ਟੇਕਣਗੇ। ਮਜੀਠੀਆ ਦੇ ਸਵਾਗਤ ਲਈ ਅਕਾਲੀ ਦਲ ਦੇ ਆਗੂਆਂ ਨੇ ਥਾਂ-ਥਾਂ ਤਿਆਰੀਆਂ ਕੀਤੀਆਂ ਹਨ। ਨਵਾਂਸ਼ਹਿਰ ਵਿੱਚ ਵੀ ਅਕਾਲੀ ਆਗੂਆਂ ਵੱਲੋਂ ਮਜੀਠੀਆ ਦਾ ਸਵਾਗਤ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ਲੇ ਸਮੇਤ ਸ਼ਹੀਦ-ਏ-ਆਜ਼ਮ ਦੀ ਯਾਦਗਾਰ ਤੱਕ ਲਿਜਾਇਆ ਜਾਵੇਗਾ।
ਇਸੇ ਤਰ੍ਹਾਂ ਅੰਮ੍ਰਿਤਸਰ ਜਾਣ ਸਮੇਂ ਜਲੰਧਰ ਵਿੱਚ ਦੋ ਥਾਵਾਂ ’ਤੇ ਮਜੀਠੀਆ ਦਾ ਸਵਾਗਤ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਸਵਾਗਤ ਲਈ ਪਹਿਲਾਂ ਜਲੰਧਰ ਦੇ ਰਾਮਾਮੰਡੀ ਚੌਕ ਅਤੇ ਫਿਰ ਪਠਾਨਕੋਟ ਬਾਈਪਾਸ ਵਿਖੇ ਪ੍ਰੋਗਰਾਮ ਉਲੀਕਿਆ ਹੈ। ਮਜੀਠੀਆ ਪਠਾਨਕੋਟ ਬਾਈਪਾਸ ‘ਤੇ ਸਥਿਤ ਰਣਵੀਰ ਕਲਾਸਿਕ ਹੋਟਲ ‘ਚ ਅਕਾਲੀ ਦਲ ਅਤੇ ਯੂਥ ਵਿੰਗ ਦੇ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ।
ਜਲੰਧਰ ਤੋਂ ਰਵਾਨਾ ਹੋ ਕੇ ਉਹ ਸਿੱਧੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਜਾਣਗੇ। ਦੱਸ ਦੇਈਏ ਕਿ 21 ਦਸੰਬਰ 2021 ਨੂੰ ਤਤਕਾਲੀ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਜੀਠੀਆ ਨੇ 24 ਫਰਵਰੀ 2022 ਨੂੰ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਡਰੱਗ ਮਾਮਲੇ ‘ਚ ਦਰਜ ਬਿਕਰਮਜੀਤ ਸਿੰਘ ਮਜੀਠੀਆ 11 ਅਗਸਤ ਨੂੰ 167 ਦਿਨਾਂ ਬਾਅਦ ਜ਼ਮਾਨਤ ‘ਤੇ ਬਾਹਰ ਆ ਗਏ ਹਨ।