ਜੀ ਜੀ ਐੱਨ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਕੁਲਦੀਪ ਸਿੰਘ ਕਰੀਰ ਦਾ ਕਰੋਨਾ -ਕਾਵਿ ਸੰਗ੍ਰਹਿ ਘਰਾਂ ਨੂੰ ਪਰਤਦੇ ਲੋਕ ਕਾਲਜ ਨੂੰ ਭੇਂਟ
ਲੁਧਿਆਣਾ,9ਜੁਲਾ(ਵਿਸ਼ਵ ਵਾਰਤਾ)-ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਵਿੱਚੋਂ 1968 ਵਿੱਚ ਗਰੈਜੂਏਸ਼ਨ ਕਰ ਚੁਕੇ ਪੁਰਾਣੇ ਵਿਦਿਆਰਥੀ ਸ: ਕੁਲਦੀਪ ਸਿੰਘ ਕਰੀਰ ਨੇ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ, ਅਮਰੀਕਾ ਤੋਂ ਆਏ ਪੰਜਾਬੀ ਲੇਖਕ ਨਕਸ਼ਦੀਪ ਪੰਜਕੋਹਾ,ਪ੍ਰਬੰਧਕ ਕਮੇਟੀ ਮੈਂਬਰ ਕੁਲਜੀਤ ਸਿੰਘ , ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ , ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਅਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੂੰ ਭੇਂਟ ਕੀਤੀ।
ਪੁਸਤਕ ਸਿਰਜਣਾ ਬਾਰੇ ਕੁਲਦੀਪ ਸਿੰਘ ਕਰੀਰ ਨੇ ਦੱਸਿਆ ਕਿ ਇਸ ਕਾਲਜ ‘ਚ 1965 ਤੋਂ 1968 ਤੀਕ ਪੜ੍ਹਦਿਆਂ ਪ੍ਰੋ: ਅਵਤਾਰ ਸਿੰਘ ਢੋਡੀ ਤੇ ਪ੍ਰੋ. ਜੋਗਿੰਦਰ ਸਿੰਘ ਛਾਬੜਾ ਜੀ ਦੀ ਪ੍ਰੇਰਨਾ ਸਦਕਾ ਸਾਹਿੱਤ ਦਾ ਵਿਦਿਆਰਥੀ ਬਣਿਆ। ਕਾਲਜ ਦੀ ਸਾਹਿੱਤ ਸਭਾ ਦਾ ਸਕੱਤਰ ਬਣ ਕੇ ਸਰਗਰਮ ਹੋਇਆ। ਕਾਲਿਜ ਮੈਗਜ਼ੀਨ ਨਵ ਰਣਜੀਤ ਵਿੱਚ ਪਹਿਲੀ ਲੰਮੇਰੀ ਰਚਨਾ ਸਕਰੀਨ ਤੇ ਤਸਵੀਰਾਂ ਪ੍ਰਕਾਸ਼ਤ ਹੋਣ ਨਾਲ ਹੁਲਾਰਾ ਮਿਲਿਆ। ਜੀਵਨ ਸੰਘਰਸ਼ ਚ ਘੁਲਦਿਆਂ ਕਵਿਤਾ ਪਿੱਛੇ ਰਹਿ ਗਈ ਪਰ ਪੜ੍ਹਨ ਦਾ ਕਰਮ ਜਾਰੀ ਰਿਹਾ। ਕਰੋਨਾ ਕਾਲ ਦੇ ਦਰਦ ਨੇ ਮੁੜ ਕਲਮ ਚੁਕਾਈ ਤੇ ਘਰਾਂ ਨੂੰ ਪਰਤਦੇ ਲੋਕ ਕਾਵਿ ਸੰਗ੍ਰਹਿ ਦੀ ਸਿਰਜਣਾ ਹੋ ਗਈ। ਮੇਰਾ ਸੁਪਨਾ ਸੀ ਕਿ ਇਹ ਸੰਗ੍ਰਹਿ ਕਾਲਜ ਨੂੰ ਭੇਂਟ ਕਰਾਂ। ਉਹ ਸੁਪਨਾ ਅੱਜ ਪੂਰਾ ਹੋਇਆ ਹੈ।
ਕਾਲਿਜ ਪ੍ਰਧਾਨ ਡਾ. ਸ ਪ ਸਿੰਘ ਨੇ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਕਾਲਜ ਦੀ ਦੇਸ਼ ਵੰਡ ਤੋਂ ਪਹਿਲਾਂ ਤੋਂ ਲੈ ਕੇ ਅਮੀਰ ਸਾਹਿੱਤਕ ਪਰੰਪਰਾ ਹੈ। ਭਾਈ ਸਾਹਿਬ ਭਾਈ ਜੋਧ ਸਿੰਘ ਇਸ ਦੇ ਪ੍ਰਿੰਸੀਪਲ ਰਹੇ ਹਨ। ਕਿੱਸਾ ਸ਼ਹੀਦ ਭਗਤ ਸਿੰਘ ਦੇ ਲੇਖਕ ਪ੍ਰੋ. ਦੀਦਾਰ ਸਿੰਘ ਵੀ 1947 ਤੋਂ ਪਹਿਲਾਂ ਇਸੇ ਕਾਲਜ ਦੇ ਵਿਦਿਆਰਥੀ ਸਨ।
ਏਧਰ ਆ ਕੇ ਕਾਲਜ ਨੇ ਡਾ. ਰਵਿੰਦਰ ਸਿੰਘ ਰਵੀ, ਸ਼ਮਸ਼ੇਰ ਸਿੰਘ ਸੰਧੂ, ਗੁਰਭਜਨ ਗਿੱਲ, ਜਸਵੰਤ ਸੰਦੀਲਾ, ਦੇਵਿੰਦਰ ਸੇਖਾ ਤੇ ਅਨੇਕਾਂ ਹੋਰ ਲਿਖਾਰੀ ਤੇ ਵਿਦਵਾਨ ਪੈਦਾ ਕੀਤੇ ਹਨ।
ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਇਸ ਪੁਸਤਕ ਨਾਲ ਕਾਲਿਜ ਦੀ ਸਾਹਿੱਤਕ ਸੰਪਤੀ ਵਿੱਚ ਮੁੱਲਵਾਨ ਵਾਧਾ ਹੋਇਆ ਹੈ। ਸ. ਕੁਲਦੀਪ ਸਿੰਘ ਕਰੀਰ ਸਾਡੇ ਰਾਹ ਦਿਸੇਰੇ ਹਨ।
ਕਾਲਿਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕਾਲਜ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ, ਪ੍ਰਸ਼ਾਸਨ, ਸਿੱਖਿਆ ਤੋਂ ਇਲਾਵਾ ਸਾਹਿੱਤ ਖੇਤਰ ਵਿੱਚ ਵੀ ਇਸ ਮਹਾਨ ਸੰਸਥਾ ਦੀਆਂ ਨਿਵੇਕਲੀਆਂ ਪੈੜਾਂ ਹਨ। ਅੱਜ ਕਰੀਰ ਸਾਹਿਬ ਨੇ ਇਸ ਦੀ ਕਲਗੀ ਵਿੱਚ ਇੱਕ ਵਡਮੁੱਲਾ ਮੋਤੀ ਜੜਿਆ ਹੈ।
ਮੁੱਖ ਮਹਿਮਾਨ ਤੇ ਅਮਰੀਕਾ ਵੱਸਦੇ ਪੰਜਾਬੀ ਲੇਖਕ ਸ. ਨਕਸ਼ਦੀਪ ਪੰਜਕੋਹਾ ਨੇ ਵੀ ਪੁਸਤਕ ਲਿਖਣ ਤੇ ਕਾਲਜ ਨੂੰ ਅਰਪਿਤ ਕਰਨ ਤੇ ਵਧਾਈ ਦਿੱਤੀ।
ਇਸ ਮੌਕੇ ਕਾਲਿਜ ਵੱਲੋਂ ਡਾ. ਸ ਪ ਸਿੰਘ, ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਤੇ ਪ੍ਰਬੰਧਕ ਕਮੇਟੀ ਮੈਂਬਰ ਸ. ਕੁਲਜੀਤ ਸਿੰਘ ਨੇ ਮੁੱਖ ਮਹਿਮਾਨ ਨਕਸ਼ਦੀਪ ਪੰਜਕੋਹਾ ਤੇ ਪ੍ਰੋ. ਗੁਰਭਜਨ ਗਿੱਲ ਨੂੰ ਸਮਾਗਮ ਵਿੱਚ ਪੁੱਜਣ ਤੇ ਫੁਲਕਾਰੀਆਂ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਸ਼ਰਨਜੀਤ ਕੌਰ, ਡਾ. ਗੁਰਪ੍ਰੀਤ ਸਿੰਘ ਤੇ ਡਾ. ਤੇਜਿੰਦਰ ਕੌਰ ਨੇ ਵੀ ਸ. ਕੁਲਦੀਪ ਸਿੰਘ ਕਰੀਰ ਨੂੰ ਕਾਲਿਜ ਸਰਗਰਮੀਆਂ ਵਿੱਚ ਲਗਾਤਾਰ ਜੁੜਨ ਦੀ ਬੇਨਤੀ ਕਰਦਿਆਂ ਪੁਸਤਕ ਪ੍ਰਕਾਸ਼ਨ ਲਈ ਮੁਬਾਰਕ ਦਿੱਤੀ।