ਜਿ਼ਲ੍ਹਾ ਤੇ ਸਰਕਲ ਪੱਧਰ ਤੱਕ ਦਾ ਜਥੇਬੰਦਕ ਢਾਂਚਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿ਼ਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ
ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਦੇ ਬੇਲੋੜੇ ਵਾਧੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ `ਚ ਪਾਰਟੀ ਦੇ ਆਗੂ ਤੇ ਵਰਕਰ ਵਧ-ਚੜ੍ਹ ਕੇ ਸ਼ਾਮਿਲ ਹੋਣ: ਸ: ਸੁਖਦੇਵ ਸਿੰਘ ਢੀਂਡਸਾ
ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਲਈ ਇੱਕਜੁਟ ਹੋ ਕੇ ਚੱਲਣ ਦੀ ਲੋੜ: ਸ: ਰਵਿੰਦਰ ਸਿੰਘ ਬ੍ਰਹਮਪੁਰਾ
ਮੁਹਾਲੀ (ਐੱਸਏਐੱਸ ਨਗਰ), 07 ਜੁਲਾਈ 2021 : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜਥੇਬੰਦਕ ਢਾਂਚੇ ਦੇ ਐਲਾਨ ਤੋਂ ਬਾਅਦ ਅੱਜ ਪਾਰਟੀ ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਅਹਿਮ ਮੀਟਿੰਗ ਪਾਰਟੀ ਦੇ ਪ੍ਰਧਾਨ ਸ : ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਮੋਹਾਲੀ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਸਮੁੱਚੇ ਆਗੂਆਂ ਨੇ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਿਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣ ਦਾ ਅਹਿਦ ਲਿਆ। ਇਸ ਮੀਟਿੰਗ ਵਿਚ ਜ਼ਿਲ੍ਹਾ ਅਤੇ ਸਰਕਲ ਜਥੇਬੰਦੀਆਂ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਮੂਹ ਹਾਜ਼ਰ ਪ੍ਰਧਾਨ ਸਹਿਬਾਨ ਨੇ ਜਲਦੀ ਹੀ ਵੱਡੀਆਂ ਮੀਟਿੰਗਾਂ ਕਰ ਕੇ ਜ਼ਿਲ੍ਹਾ ਅਤੇ ਸਰਕਲ ਅਹੁਦੇਦਾਰ ਐਲਾਨਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਨੌਜਵਾਨ ਵਰਗ ਅਤੇ ਦਲਿਤ ਭਾਈਚਾਰੇ ਨੂੰ ਭਰੋਸੇ ਵਿਚ ਲੈ ਕੇ ਜਥੇਬੰਦੀ ਨੂੰ ਮਜਬੂਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।। ਇਸ ਮੌਕੇ ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਅਤੇ ਕਾਮਨਾ ਕੀਤੀ ਹੈ ਕਿ ਕਿਸਾਨ ਸੰਘਰਸ਼ ਦੀ ਜਿੱਤ ਹੋਵੇ ਤੇ ਦੇਸ਼ ਦਾ ਅੰਨਦਾਤਾ ਖੁਸ਼ਹਾਲ ਹੋਵੇ। ਸ: ਢੀਂਡਸਾ ਨੇ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧੇ ਵਿਰੁੱਧ ਐਲਾਨੇ ਗਏ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਸ ਵਿੱਚ ਵਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸ: ਢੀਂਡਸਾ ਨੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਬਾਦਲ `ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲ ਦੌਰਾਨ ਸਿਵਾਏ ਬਾਦਲਾਂ ਦਾ ਪੱਖ ਪੂਰਨ ਅਤੇ ਉਨ੍ਹਾਂ ਨੂੰ ਬਚਾਉਣ ਦੇ ਇਲਾਵਾ ਹੋਰ ਕੁੱਝ ਵੀ ਨਹੀ ਕੀਤਾ ਹੈ ਅਤੇ ਹੁਣ ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਜੱਗ ਜ਼ਾਹਿਰ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਅਪਣਾਏ ਦੋਹਰੇ ਮਾਪਦੰਡਾਂ ਕਾਰਨ ਬਾਦਲ ਪਰਿਵਾਰ ਆਪਣਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ। ਸ: ਢੀਂਡਸਾ ਨੇ ਕਿਹਾ ਕਿ ਨੈਤਿਕ ਆਧਾਰ ਗੁਆਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਪੂਰੀ ਕੋਸਿ਼ਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਪੰਜਾਬੀਆਂ ਨੇ ਕਾਂਗਰਸ ਅਤੇ ਬਾਦਲਾਂ ਦੇ ਦੋਗਲੇ ਚਿਹਰਿਆਂ ਨੂੰ ਪਛਾਣ ਲਿਆ ਹੈ ਅਤੇ ਹੁਣ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਨਹੀ ਆਉਣਗੇ। ਇਸ ਮੌਕੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਜਗ੍ਹਾ `ਤੇ ਉਚੇਚੇ ਤੌਰ `ਤੇ ਪਹੁੰਚੇ ਉਨ੍ਹਾਂ ਦੇ ਬੇਟੇ ਸਾਬਕਾ ਐਮ.ਐਲ.ਏ ਸ: ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਵੱਲੋਂ ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।
ਇਸ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਸ: ਨਿਧੜਕ ਸਿੰਘ ਬਰਾੜ, ਇਸਤਰੀ ਵਿੰਗ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਗੁਲਸ਼ਨ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਅਤੇ ਸ: ਢੀਂਡਸਾ ਦੇ ਸਿਆਸੀ ਸਲਾਹਕਾਰ ਸ: ਦਵਿੰਦਰ ਸਿੰਘ ਸੋਢੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ: ਗੁਰਪ੍ਰੀਤ ਸਿੰਘ ਕਲਕੱਤਾ ਸ: ਗੁਰਬਚਨ ਸਿੰਘ ਬਚੀ, ਸ: ਰਣਧੀਰ ਸਿੰਘ ਰੱਖੜਾ, ਸ: ਦਲਜਿੰਦਰਬੀਰ ਸਿੰਘ ਵਿਰਕ, ਸ: ਦਲਜੀਤ ਸਿੰਘ ਅਮਰਕੋਟ, ਸ: ਗੁਰਚਰਨ ਸਿੰਘ ਚੰਨੀ, ਸ: ਸਰਬਜੀਤ ਸਿੰਘ ਡੂਮਵਾਲੀ, ਸ: ਗੁਰਿੰਦਰ ਸਿੰਘ ਬਾਜਵਾ, ਸ: ਲਖਵੀਰ ਸਿੰਘ ਥਾਬਲਾਂ, ਸ: ਸਤਵਿੰਦਰ ਪਾਲ ਸਿੰਘ ਢੱਟ, ਸ: ਭੁਪਿੰਦਰ ਸਿੰਘ ਬਜਰੂੜ, ਡਾ. ਮੇਜਰ ਸਿੰਘ, ਸ: ਬਲਵਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ ਹਾਂਡਾ, ਸ: ਗੁਰਸ਼ਰਨਜੀਤ ਸਿੰਘ ਪੱਪੂ, ਸ: ਮਨਜੀਤ ਸਿੰਘ ਬੱਪੀਆਣਾ, ਸ: ਗੁਰਜਿੰਦਰ ਸਿੰਘ ਗਰੇਵਾਲ, ਸ: ਰਣਜੀਤ ਸਿੰਘ ਔਲਖ਼, ਸ: ਮੇਜਰ ਸਿੰਘ ਖਾਲਸਾ , ਸ: ਜਗਜੀਤ ਸਿੰਘ ਭੁੱਲਰ, ਸ: ਗੁਲਵੰਤ ਸਿੰਘ ਉਪੱਲ, ਸ: ਬਲਦੇਵ ਸਿੰਘ ਚੇਤਾ, ਡਾ ਪਰਵਿੰਦਰ ਸਿੰਘ ਸੋਢੀ ਤੋਂ ਇਲਾਵਾ ਓ.ਐਸ.ਡੀ ਸ: ਜਸਵਿੰਦਰ ਸਿੰਘ ਹਾਜ਼ਰ ਸਨ।