ਜਿਸ ਅੱਤਵਾਦੀ ਨੂੰ ਪਾਕਿਸਤਾਨ ਨੇ ਪਹਿਲਾਂ ਐਲਾਨਿਆ ਮੁਰਦਾ ਹੁਣ ਉਸਨੂੰ ਹੀ ਸੁਣਾਈ 15 ਸਾਲ ਦੀ ਸਜਾ
ਚੰਡੀਗੜ੍ਹ,25 ਜੂਨ(ਵਿਸ਼ਵ ਵਾਰਤਾ)-ਪਾਕਿਸਤਾਨ ਨੇ 26/11 ਮੁੰਬਈ ਹਮਲੇ ਦੇ ਦੋਸ਼ੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਿਦ ਮੀਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਸਦੀ ਗ੍ਰਿਫਤਾਰੀ ਅਪ੍ਰੈਲ ਮਹੀਨੇ ਵਿੱਚ ਹੀ ਹੋ ਗਈ ਸੀ ਪਰ ਹੁਣ ਉਸਨੂੰ 15 ਸਾਲ ਦੀ ਸਜਾ ਸੁਣਾਈ ਗਈ ਹੈ। ਉਸ ਉੱਤੇ ਅਮਰੀਕਾ ਵੱਲੋਂ 5 ਮਿਲੀਅਨ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ। ਹਮਲੇ ਦੇ 13 ਸਾਲ ਤੋਂ ਵੱਧ ਸਮੇਂ ਬਾਅਦ ਪਾਕਿਸਤਾਨ ਦਾ ਇਹ ਐਲਾਨ ਇਸ ਲਈ ਵੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਪਾਕਿਸਤਾਨ ਦੀਆਂ ਏਜੰਸੀਆਂ ਖੁਦ ਪਹਿਲਾਂ ਸਾਜਿਦ ਮੀਰ ਦੀ ਪਾਕਿਸਤਾਨ ਵਿੱਚ ਮੌਜੂਦਗੀ ਤੋਂ ਇਨਕਾਰ ਕਰ ਚੁੱਕੀਆਂ ਹਨ ਅਤੇ ਉਸਦੇ ਮ੍ਰਿਤਕ ਹੋਣ ਦਾ ਦਾਅਵਾ ਵੀ ਕਰ ਚੁੱਕੀਆਂ ਹਨ। ਦੱਸ ਦਈਏ ਕਿ ਸਾਜਿਦ ਮੀਰ ਮੁੰਬਈ ਹਮਲੇ ਦੇ ਦੋਸ਼ੀ ਡੇਵਿਡ ਕੋਲਮੈਨ ਹੈਡਲੀ ਦਾ ਹੈਂਡਲਰ ਸੀ। ਜਿਕਰਯੋਗ ਹੈ ਕਿ 26 ਨਵੰਬਰ 2008 ਨੂੰ 10 ਪਾਕਿਸਤਾਨੀ ਅੱਤਵਾਦੀਆਂ ਨੇ ਮੁੰਬਈ ‘ਚ ਕਈ ਥਾਵਾਂ ‘ਤੇ ਹਮਲੇ ਕੀਤੇ ਸਨ। ਤਾਜ ਹੋਟਲ, ਛਤਰਪਤੀ ਸ਼ਿਵਾਜੀ ਟਰਮਿਨਸ, ਓਬਰਾਏ ਹੋਟਲ, ਲੀਓਪਾਰਡ ਕੈਫੇ ਅਤੇ ਚੱਬਾਡ ਹਾਊਸ ‘ਤੇ ਹੋਏ ਇਨ੍ਹਾਂ ਹਮਲਿਆਂ ‘ਚ 166 ਲੋਕ ਮਾਰੇ ਗਏ ਸਨ। 10 ਹਮਲਾਵਰਾਂ ‘ਚੋਂ ਅਜਮਲ ਆਮਿਰ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ, ਜਦਕਿ ਬਾਕੀ 9 ਅੱਤਵਾਦੀ ਅੱਤਵਾਦ ਵਿਰੋਧੀ ਮੁਹਿੰਮ ‘ਚ ਮਾਰੇ ਗਏ ਸਨ। ਕਸਾਬ ਨੂੰ 11 ਨਵੰਬਰ 2012 ਨੂੰ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।