ਰਿਟਰਨਿੰਗ ਅਫਸਰਾਂ ਨੂੰ ਪੋਸਟਲ ਬੈਲਟ ਸਮੇਂ ਸਿਰ ਭੇਜਣ ਦੇ ਨਿਰਦੇਸ਼
ਕਪੂਰਥਲਾ, 17 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਕਪੂਰਥਲਾ , ਭੁਲੱਥ, ਸੁਲਤਾਨਪੁਰ ਲੋਧੀ ਤੇ ਫਗਵਾੜਾ ਲਈ ਸਾਰੇ 1349 ਸਰਵਿਸ ਵੋਟਰਾਂ ਦੀ ਇਲੈਕਟ੍ਰਾਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਰਾਹੀਂ ਵੋਟ ਦੇ ਹੱਕ ਦੀ ਵਰਤੋਂ ਯਕੀਨੀ ਬਣਾਈ ਜਾਵੇਗੀ।
ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿਚ 1349 ਸਰਵਿਸ ਵੋਟਰਾਂ ਵਿਚੋਂ 481 ਭੁਲੱਥ, 244 ਕਪੂਰਥਲਾ, 414 ਸੁਲਤਾਨਪੁਰ ਲੋਧੀ ਤੇ ਫਗਵਾੜਾ ਦੇ 210 ਸਰਵਿਸ ਵੋਟਰ ਹਨ।
ਉਨ੍ਹਾਂ ਰਿਟਰਨਿੰਗ ਅਫਸਰਾਂ ਤੇ ਪੋਸਟਲ ਬੈਲਟ ਦੇ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੇਂ ਸਿਰ ਪੋਸਟਲ ਬੈਲਟ ਯੋਗ ਵੋਟਰ ਤੱਕ ਪੁੱਜਣਾ ਯਕੀਨੀ ਬਣਾਉਣ , ਜਿਸਨੂੰ ਕਿ ਸਰਵਿਸ ਵੋਟਰ ਵਲੋਂ ਡਾਕ ਰਾਹੀਂ ਵਾਪਸ ਭੇਜਿਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸਰਵਿਸ ਵੋਟਰ ਆਪਣੀ ਵੋਟ ਪਾਉਣ ਲਈ ਪੋਸਟਲ ਬੈਲਟ ਡਾਊਨਲੋਡ ਵੀ ਕਰ ਸਕਦੇ ਹਨ ਅਤੇ ਫਿਰ ਇਸਨੂੰ ਡਾਕ ਰਾਹੀਂ ਰਿਟਰਨਿੰਗ ਅਫਸਰ ਨੂੰ ਭੇਜ ਸਕਦੇ ਹਨ।