1396 ਵਿਅਕਤੀ ਪਾਜ਼ਿਟਵ ਪਾਏ ਗਏ, ਜਿੰਨਾ ਵਿਚੋਂ 1039 ਠੀਕ ਹੋ ਚੁੱਕੇ
ਅੰਮ੍ਰਿਤਸਰ, 24 ਜੁਲਾਈ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਜ਼ਿਲੇ ਦੇ ਮਿਸ਼ਨ ਫਤਹਿ ਵੱਲ ਵੱਧਦੇ ਕਦਮਾਂ ਬਾਰੇ ਵਿਸਥਾਰ ਦੱਸਦੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲੇ ਵਿਚ ਕੱਲ ਸ਼ਾਮ ਤੱਕ 41677 ਵਿਅਕਤੀਆਂ ਦੇ ਕੋਵਿਡ-19 ਸਬੰਧੀ ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾ ਵਿਚੋਂ1396 ਵਿਅਕਤੀ ਪਾਜ਼ਿਟਵ ਮਿਲੇ ਸਨ। ਉਨਾਂ ਦੱਸਿਆ ਕਿ ਇੰਨਾਂ ਵਿਅਕਤੀਆਂ ਵਿਚੋਂ ਵੀ 1039 ਵਿਅਕਤੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਉਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਕੇਵਲ 292ਵਿਅਕਤੀ ਦਾ ਇਲਾਜ ਇਸ ਵੇਲੇ ਜਾਰੀ ਹੈ। ਉਨਾਂ ਦੱਸਿਆ ਕਿ ਇੰਨਾਂ ਵਿਅਕਤੀਆਂ ਵਿਚੋਂ ਬਦਕਿਸਮਤੀ ਨਾਲ 65ਵਿਅਕਤੀ ਦੀ ਜਾਨ ਵੀ ਕੋਰੋਨਾ ਨਾਲ ਗਈ ਹੈ। ਉਨਾਂ ਦੱਸਿਆ ਕਿ ਸਾਡੀ ਟੀਮਾਂ ਵੱਲੋਂ ਇਹ ਯਤਨ ਕੀਤਾ ਜਾਂਦਾ ਹੈ,ਜਿੱਥੇ ਕਿਤੇ ਵੀ ਕੋਰੋਨਾ ਦਾ ਮਰੀਜ਼ ਮਿਲੇ ਉਸਦੇ ਸੰਪਰਕ ਵਿਚ ਆਏ ਲੋਕਾਂ ਦੀ ਜਾਂਚ ਜਰੂਰ ਕੀਤੀ ਜਾਵੇ, ਤਾਂ ਜੋ ਕੋਵਿਡ-19 ਦੀ ਚੇਨ ਅੱਗੇ ਨਾ ਤੁਰੇ। ਉਨਾਂ ਦੱਸਿਆ ਕਿ ਹੁਣ ਤੱਕ ਇੰਨਾਂ ਟੀਮਾਂ ਨੇ ਸੰਪਰਕ ਵਾਲੇ ਕੇਸਾਂ ਵਿਚ ਹੀ4637 ਲੋਕਾਂ ਦੀ ਜਾਂਚ ਕੀਤੀ ਹੈ ਅਤੇ ਇੰਨਾਂ ਵਿਚੋਂ 374 ਵਿਅਕਤੀ ਕੋਵਿਡ-19 ਤੋਂ ਪ੍ਰਭਾਵਿਤ ਮਿਲੇ ਹਨ। ਉਨਾਂ ਕਿਹਾ ਕਿ ਇਹ ਸਾਡੀ ਵੱਡੀ ਕਾਮਯਾਬੀ ਹੈ, ਕਿਉਂਕਿ ਜੇਕਰ ਇਸ ਕੰਮ ਵਿਚ ਢਿੱਲ ਰਹਿੰਦੀ ਤਾਂ ਕੋਰੋਨਾ ਦੇ ਇਹ ਮਰੀਜ਼ ਅੱਗੇ ਵਾਇਰਸ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਸਕਦੇ ਸਨ।
ਉਨਾਂ ਦੱਸਿਆ ਕਿ ਸਾਡੀ ਟੀਮਾਂ ਲਗਾਤਾਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਰਹੀਆਂ ਹਨ। ਇਸ ਤੋਂ ਇਲਾਵਾ ਜਿੰਨਾ ਇਲਾਕਿਆਂ ਵਿਚੋਂ ਜ਼ਿਆਦਾ ਮਰੀਜ਼ ਮਿਲੇ ਹਨ, ਉਥੇ ਮੋਬਾਈਲ ਵੈਨ ਭੇਜ ਕੇ ਉਨਾਂ ਦੇ ਨਮੂਨੇ ਲਏ ਜਾ ਰਹੇ ਹਨ। ਸ. ਢਿੱਲੋਂ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਕੀਤੀ ਮੋਬਾਈਲ ਵੈਨ ਹੁਣ ਤੱਕ 993 ਲੋਕਾਂ ਦੇ ਨਮੂਨੇ ਲੈ ਚੁੱਕੀ ਹੈ ਅਤੇ ਇਹ ਕੰਮ ਕੋਵਿਡ-19 ਦੀ ਸਮਾਪਤੀ ਤੱਕ ਜਾਰੀ ਰਹੇਗਾ। ਸ. ਢਿੱਲੋਂ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿਚੋਂ ਜ਼ਿਆਦਾ ਮਰੀਜ਼ ਆਏ ਹੋਣ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋਕਾਂ ਦੇ ਘਰਾਂ ਤੱਕ ਵੀ ਮਰੀਜ਼ਾਂ ਦੀ ਭਾਲ ਵਿਚ ਭੇਜਿਆ ਗਿਆ ਹੈ ਅਤੇ ਲਗਭਗ 11 ਲੱਖ ਦੀ ਅਬਾਦੀ ਵਾਲੇ ਸ਼ਹਿਰ ਵਿਚ ਇਹ ਟੀਮਾਂ 98 ਫੀਸਦੀ ਘਰਾਂ ਤੱਕ ਸਰਵੈ ਕਰ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕੋਵਿਡ-19 ਦੇ ਖਾਤਮੇ ਲਈ ਕਿਸੇ ਵੀ ਤਰਾਂ ਦਾ ਲੱਛਣ ਮਿਲਣ ਉਤੇ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰਕੇ ਸਿਹਤ ਵਿਭਾਗ ਕੋਲ ਜਾਂਚ ਲਈ ਪਹੁੰਚਣ, ਤਾਂ ਜੋ ਵੇਲੇ ਸਿਰ ਉਨਾਂ ਦਾ ਸੰਭਵ ਇਲਾਜ ਕਰਕੇ ਮਰੀਜ਼ ਅਤੇ ਉਸਦੇ ਸਾਰੇ ਪਰਿਵਾਰ ਨੂੰ ਇਸ ਆਫਤ ਤੋਂ ਬਚਾਇਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਪਾਉਣ ਵਿਚ ਕੁਤਾਹੀ ਨਾ ਵਰਤੋ, ਕਿਉਂਕਿ ਘਰ ਤੋਂ ਬਾਹਰ ਕੇਵਲ ਮਾਸਕ ਦੀ ਤੁਹਾਡੀ ਰੱਖਿਆ ਕਰਦਾ ਹੈ।