ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਭਾਸ਼ਣ ਦੌਰਾਨ ਗੋਲੀ ਨਾਲ ਹਮਲਾ
ਨਾਰਾ ਸ਼ਹਿਰ ਵਿਚ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਸ਼ਿੰਜੋ ਆਬੇ
ਚੰਡੀਗੜ੍ਹ, 8ਜੁਲਾਈ (ਵਿਸ਼ਵ ਵਾਰਤਾ) ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਉਹ ਪੱਛਮੀ ਜਾਪਾਨ ਦੇ ਨਾਰਾ ਸ਼ਹਿਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹ ਅਚਾਨਕ ਡਿੱਗ ਗਏ। ਮੀਡੀਆ ਰਿਪੋਰਟਾਂ ਮੁਤਾਬਕ ਮੌਕੇ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਆਬੇ ਦੇ ਸਰੀਰ ‘ਚੋਂ ਖੂਨ ਨਿਕਲਦਾ ਦੇਖਿਆ ਗਿਆ।
ਭਾਰਤੀ ਸਮੇਂ ਅਨੁਸਾਰ ਹਮਲਾ ਸਵੇਰੇ 8 ਵਜੇ ਹੋਇਆ। ਜਾਣਕਾਰੀ ਅਨੁਸਾਰ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਕਾਫੀ ਖੂਨ ਬਹਿ ਰਿਹਾ ਸੀ। ਪੁਲੀਸ ਨੇ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਉਂ ਚਲਾਈ ਗਈ।
ਦੱਸ ਦੱਈਏ ਕਿ 67 ਸਾਲਾ ਸ਼ਿੰਜੋ ਆਬੇ ਲਿਬਰਲ ਡੈਮੋਕਰੇਟਿਕ ਪਾਰਟੀ (ਐਲਡੀਪੀ) ਪਾਰਟੀ ਨਾਲ ਸਬੰਧਤ ਹਨ। ਆਬੇ 2006-07 ਦੌਰਾਨ ਪ੍ਰਧਾਨ ਮੰਤਰੀ ਰਹੇ। ਆਬੇ ਨੂੰ ਆਕਰਾਮਕ ਨੇਤਾ ਮੰਨਿਆ ਜਾਂਦਾ ਹੈ। ਸ਼ਿੰਜੋ ਨੂੰ ਅਲਸਰੇਟਿਵ ਕੋਲਾਈਟਿਸ, ਇੱਕ ਅੰਤੜੀਆਂ ਦੀ ਬਿਮਾਰੀ ਸੀ ਜਿਸ ਕਾਰਨ ਉਹਨਾਂ ਨੂੰ 2007 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਸ਼ਿੰਜੋ ਆਬੇ ਲਗਾਤਾਰ 2803 ਦਿਨ (7 ਸਾਲ 6 ਮਹੀਨੇ) ਪ੍ਰਧਾਨ ਮੰਤਰੀ ਰਹੇ। ਇਸ ਤੋਂ ਪਹਿਲਾਂ ਇਹ ਰਿਕਾਰਡ ਉਸ ਦੇ ਚਾਚਾ ਇਸਾਕੂ ਸਾਈਤੋ ਦੇ ਨਾਂ ਸੀ।