ਜਾਪਾਨ ‘ਚ ਭੂਚਾਲ ਕਾਰਨ 24 ਦੀ ਮੌਤ
ਅੱਗ ਲੱਗਣ ਕਾਰਨ 100 ਦੇ ਕਰੀਬ ਇਮਾਰਤਾਂ ਤਬਾਹ
ਚੰਡੀਗੜ੍ਹ,2ਜਨਵਰੀ(ਵਿਸ਼ਵ ਵਾਰਤਾ)- ਜਾਪਾਨ ਦੇ ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਦਿਨ 7.2 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਟੂਡੇ ਮੁਤਾਬਕ ਇਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ। ਜਾਪਾਨ ਦੇ ਮੌਸਮ ਵਿਭਾਗ (ਜੇ.ਐੱਮ.ਏ.) ਨੇ ਕਿਹਾ ਹੈ ਕਿ ਸੋਮਵਾਰ ਤੋਂ ਹੁਣ ਤੱਕ ਉੱਥੇ ਭੂਚਾਲ ਦੇ 155 ਝਟਕੇ ਮਹਿਸੂਸ ਕੀਤੇ ਗਏ ਹਨ। ਇਨ੍ਹਾਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਸੀ। ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਿਸ਼ਿਦਾ ਨੇ ਕਿਹਾ ਕਿ ਕਈ ਥਾਵਾਂ ਤੇ ਅੱਗ ਲੱਗੀ ਹੋਈ ਹੈ, 100 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਜਾਪਾਨ ਦੇ ਰੱਖਿਆ ਮੰਤਰੀ ਮੁਤਾਬਕ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਫੌਜ ਦੇ ਇਕ ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਇਸ਼ੀਕਾਵਾ ਦੇ ਘਰਾਂ ਵਿੱਚ ਬਿਜਲੀ ਵੀ ਗੁੱਲ ਹੈ। ਕਈ ਹਸਪਤਾਲਾਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਵਿੱਚ ਦਿੱਕਤ ਆ ਰਹੀ ਹੈ।