ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਚੰਨੀ ਅਤੇ ਉੱਪ ਮੁੱਖ ਮੰਤਰੀ ਰੰਧਾਵਾ ਨੂੰ ਲਿਆ ਨਿਸ਼ਾਨੇ ‘ਤੇ
ਜ਼ਿੰਮੇਵਾਰੀ ਤੋਂ ਭੱਜ ਕੇ ਕਾਇਰਾਂ ਵਾਂਗ ਵਿਵਹਾਰ ਕਰ ਰਹੇ ਹਨ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ : ਕੈਪਟਨ ਅਮਰਿੰਦਰ
ਸਮਾਣਾ (ਪਟਿਆਲਾ), 6 ਜਨਵਰੀ (ਵਿਸ਼ਵ ਵਾਰਤਾ)- : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਕਾਇਰਾਂ ਵਾਂਗ ਵਿਵਹਾਰ ਕਰਨ ਦੀ ਆਲੋਚਨਾ ਕੀਤੀ ਹੈ।
ਅੱਜ ਇੱਥੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਖੇੜਕੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ, “ਸੁਰੱਖਿਆ ਵਿੱਚ ਇੱਕ ਗੰਭੀਰ ਕਮੀ ਸੀ ਅਤੇ ਮੁੱਖ ਮੰਤਰੀ ਚੰਨੀ ਅਤੇ ਉਪ ਮੁੱਖ ਮੰਤਰੀ ਰੰਧਾਵਾ, ਜੋ ਗ੍ਰਹਿ ਵਿਭਾਗ ਦੇ ਮੁਖੀ ਹਨ, ਨੂੰ ਇਸ ਦਾ ਜਿੰਮੇਵਾਰੀ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ਸੱਚੇ ਆਗੂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਅਤੇ ਦੂਜਿਆਂ ‘ਤੇ ਦੋਸ਼ ਨਹੀਂ ਦਿੰਦੇ,ਇਹ ਕੋਈ ਲੀਡਰਸ਼ਿਪ ਨਹੀਂ ਹੈ, ਇਹ ਕਾਇਰਤਾ ਹੈ”, ਉਹਨਾਂ ਨੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਗੰਭੀਰ ਲਾਪਰਵਾਹੀ ਲਈ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਦੂਜਿਆਂ ‘ਤੇ ਦੋਸ਼ ਮੜ੍ਹਨ ਦੀ ਗੱਲ ਵੀ ਕਹੀ। ਇਸਦੇ ਨਾਲ ਹੀ ਉਹਨਾਂ ਨੇ ਬਠਿੰਡਾ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਦਾ ਨਿੱਜੀ ਤੌਰ ‘ਤੇ ਸਵਾਗਤ ਨਾ ਕਰਨ ਲਈ ਮੁੱਖ ਮੰਤਰੀ ਚੰਨੀ ਦੀ ਆਲੋਚਨਾ ਕੀਤੀ।
ਸਾਬਕਾ ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਕੱਲ੍ਹ ਦੀ ਘਟਨਾ ਨਾਲ ਪੰਜਾਬ ਦੇ ਅਕਸ ਨੂੰ ਢਾਹ ਲੱਗੀ ਹੈ। “ਸਾਰਾ ਸੰਸਾਰ ਦੇਖ ਰਿਹਾ ਸੀ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਸੁਰੱਖਿਅਤਾ ਅਤੇ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ”, ਉਨ੍ਹਾਂ ਕਿਹਾ, ਇਸ ਨਾਲ ਹੋਰ ਮੋਰਚਿਆਂ ‘ਤੇ ਵੀ ਪੰਜਾਬ ਦਾ ਨੁਕਸਾਨ ਹੋਇਆ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ 43,000 ਕਰੋੜ ਰੁਪਏ, ਜਿਸ ਵਿਚ ਕੁਝ ਹਸਪਤਾਲ ਅਤੇ ਸੜਕਾਂ ਸ਼ਾਮਲ ਹਨ ਪ੍ਰਾਜੈਕਟਾਂ ਦਾ ਉਦਘਾਟਨ ਕਰਨਾ ਸੀ।