ਕੋਰੋਨਾ ਵਾਇਰਸ ਤੋਂ ਬਚਾਅ ਲਈ ਚੁੱਕਿਆ ਗਿਆ ਇੱਕ ਹੋਰ ਕਦਮ
ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ( ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਹੁਕਮ ਜਾਰੀ ਕੀਤੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਕਰਫਿਊ ਦੌਰਾਨ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਲੈਬੋਰਟਰੀਆਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਿਸਪੈਂਸਰੀਆਂ ਤੇ ਕਲੀਨਿਕ ਆਮ ਦਿਨਾਂ ਵਾਂਗ ਖੁਲ੍ਹੇ ਰੱਖੇ ਜਾਣ।
ਇਸ ਦੇ ਨਾਲ ਹੀ ਸਮੂਹ ਕੰਬਾਈਨਾਂ, ਕਟਾਈ ਦੇ ਸੀਜ਼ਨ ਦੌਰਾਨ ਸਵੇਰੇ 09:00 ਵਜੇ ਤੋਂ ਸ਼ਾਮ 07:00 ਵਜੇ ਤੱਕ ਕਣਕ ਦੀ ਕਟਾਈ ਕਰ ਸਕਦੀਆਂ ਹਨ ਅਤੇ ਖੇਤੀ ਨਾਲ ਸਬੰਧਤ ਵਰਤੀ ਜਾਣ ਵਾਲੀ ਮਸ਼ੀਨਰੀ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਅਤੇ ਵਰਕਸ਼ਾਪ ਸਵੇਰੇ 07:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੀ ਖੁਲਣਗੀਆਂ ਅਤੇ ਮੁਰੰਮਤ ਵਰਕਸ਼ਾਪ ਦੇ ਅੰਦਰ ਹੀ ਕੀਤੀ ਜਾਵੇਗੀ।
ਖੇਤੀ ਨਾਲ ਸਬੰਧਤ ਔਜ਼ਾਰਾਂ ਜਿਵੇਂ ਕਿ ਕਹੀ, ਦਾਤੀ, ਤੰਗਲੀ, ਰੱਸੀਆਂ ਆਦਿ ਦੀਆਂ ਦੁਕਾਨਾਂ ਸਵੇਰੇ 07:00 ਵਜੇ ਤੋਂ 10:00 ਵਜੇ ਤੱਕ ਹੀ ਖੁੱਲਣਗੀਆਂ।
ਜਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਕੋਵਿਡ-19 ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਮਾਸਕ ਅਤੇ ਹੱਥਾਂ ਦੀ ਸਫਾਈ ਲਈ ਸੈਨੀਟਾਇਜ਼ਰ ਦੀ ਵਰਤੋਂ ਕੀਤੀ ਜਾਵੇ, ਇੱਕ ਦੂਜੇ ਤੋਂ 1.5 ਮੀਟਰ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਤੇ ਐਡਵਾਇਜ਼ਰੀਆਂ ਦਾ ਖਾਸ ਧਿਆਨ ਰੱਖਿਆ ਜਾਵੇ। ਇਹ ਹੁਕਮ 4 ਮਈ, 2020 ਤੱਕ ਲਾਗੂ ਰਹਿਣਗੇ।