ਫ਼ਤਹਿਗੜ੍ਹ ਸਾਹਿਬ, 05 ਅਪ੍ਰੈਲ( ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਪੰਜਾਬ ਵਿਲੇਜ ਐਂਡ ਸਮਾਲ ਟਾਊਨ ਪੈਟਰੋਲ ਐਕਟ 1918 ਦੇ ਸੈਕਸ਼ਨ 3 (1) ਅਧੀਨ ਹੁਕਮ ਜਾਰੀ ਕੀਤੇ ਹਨ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ ਵਿਅਕਤੀਆਂ ਵੱਲੋਂ ਪਿੰਡਾਂ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਦੇ ਰਸਤਿਆਂ ਉਤੇ 24 ਘੰਟੇ ਪਹਿਰੇ ਲਗਾਏ ਜਾਣ ਅਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਖਾਸ ਮਕਸਦ ਦੇ ਪਿੰਡ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਿੰਡਾਂ ਦੇ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਇਹ ਪਹਿਰਾ ਦੇਣ ਤੋਂ ਛੋਟ ਹੋਵੇਗੀ ਅਤੇ ਹਰੇਕ ਪਿੰਡ ਦੀ ਪੰਚਾਇਤ ਇਸ ਐਕਟ ਦੀ ਧਾਰਾ 4 (1) ਅਧੀਨ ਆਪਣੇ ਕਾਰਜ ਖੇਤਰ ਅੰਦਰ ਉਕਤ ਡਿਊਟੀ ਅਦਾ ਕਰਾਏਗੀ।
ਇਸ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਇਹਤਿਆਤ ਵਜੋਂ ਜ਼ਿਲ੍ਹੇ ਵਿੱਚ ਕਰਫਿਊ ਲਾਇਆ ਗਿਆ ਹੈ। ਇਸੇ ਦੇ ਮੱਦੇਨਜ਼ਰ ਉਕਤ ਹੁਕਮ ਜਾਰੀ ਕੀਤੇ ਗਏ ਹਨ I ਇਹ ਹੁਕਮ 2 ਮਈ, 2020 ਤੱਕ ਲਾਗੂ ਰਹਿਣਗੇ।