ਜ਼ਿਲ੍ਹਾ ਪੁਲਿਸ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੁਆਲੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ
ਗੁਰਧਾਮਾਂ ’ਚ ਸੀ ਸੀ ਟੀ ਵੀ ਕੈਮਰੇ ਲਗਵਾਉਣ ਅਤੇ ਅਜਨਬੀਆਂ ਦੇ ਦਾਖਲੇ ’ਤੇ ਧਿਆਨ ਰੱਖਣ ਲਈ ਆਖਿਆ
ਹੰਗਾਮੀ ਹਾਲਤ ਲਈ ਹਰੇਕ ਗੁਰਦੁਆਰੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਸੰਪਰਕ ਨੰਬਰ ਲਾਏ ਜਾਣਗੇ
ਨਵਾਂਸ਼ਹਿਰ, 28 ਅਪਰੈਲ, 2023 (ਵਿਸ਼ਵ ਵਾਰਤਾ)
ਮੋਰਿੰਡਾ ਵਿਖੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਬੇਅਦਬੀ ਘਟਨਾ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬਾਨਾਂ ’ਚ ਵਿਸ਼ੇਸ਼ ਇਹਤਿਆਤ ਵਰਤਣ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਸੁਰੱਖਿਆ ਬੰਦੋਬਸਤਾਂ ਬਾਰੇ ਜਾਣੂ ਕਰਵਾਇਆ ਗਿਆ।
ਐਸ ਪੀ (ਡੀ) ਗੁਰਮੀਤ ਕੌਰ ਅਤੇ ਐਸ ਪੀ ( ਪੀ ਬੀ ਆਈ) ਇਕਬਾਲ ਸਿੰਘ ਵੱਲੋਂ ਮੀਟਿੰਗ ਦੌਰਾਨ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬਾਨਾਂ ’ਚ ਸੀ ਸੀ ਟੀ ਵੀ ਕੈਮਰੇ ਲਗਵਾਉਣ, ਪ੍ਰਕਾਸ਼ ਅਸਥਾਨ ਅਤੇ ਸੁੱਖਆਸਨ ਅਸਥਾਨ ’ਤੇ ਵੀ ਕੈਮਰੇ ਲਗਵਾਉਣ, ਲਾਈਟ ਜਾਣ ਦੀ ਸੂਰਤ ’ਚ ਕੈਮਰਿਆਂ ਦੇ ਬਿਜਲੀ ਬੈਕਅਪ ਦਾ ਪ੍ਰਬੰਧ ਰੱਖਣ, ਕੈਮਰਿਆਂ ਦਾ ਘੱਟੋ-ਘੱਟ 30 ਦਿਨ ਦਾ ਮੈਮਰੀ ਬੈਕ ਅਪ ਰੱਖਣ ਦੀ ਅਪੀਲ ਕੀਤੀ ਗਈ।
ਇਸ ਦੇ ਨਾਲ ਹੀ ਪ੍ਰਕਾਸ਼ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਸੀਸ਼ੇ ਦੇ ਕੈਬਿਨ ਬਣਵਾਉਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਸਰੀਰਕ ਤੌਰ ’ਤੇ ਤਾਬਿਆ ’ਚ ਬੈਠੇ ਕੇਵਲ ਗ੍ਰੰਥੀ ਸਿੰਘ ਦੀ ਪਹੁੰਚ ਹੀ ਰਹੇ।
ਇਸ ਦੇ ਨਾਲ ਹੀ ਗੁਰਦੁਆਰਾ ਕਮੇਟੀਆਂ ਨੂੰ ਆਪਣੀ ਅਤੇ ਗ੍ਰੰਥੀ ਸਿੰਘ ਤੇ ਹੋਰ ਸੇਵਾਦਾਰਾਂ ਦੀ ਸੂਚੀ ਨੇੜਲੇ ਥਾਣੇ ’ਚ ਪਹੁੰਚਾਉਣ, ਕਿਸੇ ਵੀ ਅਜਨਬੀ ਦੇ ਗੁਰਦੁਆਰਾ ਸਾਹਿਬ ਵਿੱਚ ਆਉਣ ’ਤੇ ਉਸ ਦੀ ਸੂਚਨਾ ਦੇਣ, ਕੋਈ ਵੀ ਸੇਵਦਾਰ ਰੱਖਣ ਤੋਂ ਪਹਿਲਾਂ ਉਸ ਦੇ ਬਾਰੇ ਪੂਰੀ ਪੜਤਾਲ ਕਰਨ ਲਈ ਵੀ ਕਿਹਾ ਗਿਆ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨਾਂ ’ਚ ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਸਬੰਧਤ ਇਲਾਕੇ ਦੇ ਐਸ ਐਚ ਓ, ਡੀ ਐਸ ਪੀ ਅਤੇ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰਾਂ ਦੀ ਜਾਣਕਾਰੀ ਦਿੰਦਾ ਚਾਰਟ ਵੀ ਲਾਇਆ ਜਾਵੇਗਾ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ’ਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨਾਂ ਵਿੱਚ ਇੱਕ-ਇੱਕ ਰਜਿਸਟਰ ਵੀ ਲਾਉਣ ਲਈ ਕਿਹਾ ਗਿਆ, ਜਿਸ ਵਿੱਚ ਉਸ ਗੁਰੂ ਘਰ ’ਚ ਗਸ਼ਤ ਦੌਰਾਨ ਆਉਣ ਵਾਲੇ ਕਰਮਚਾਰੀ ਆਪਣੀ ਐਂਟਰੀ ਪਾਉਣਗੇ।
ਇਸ ਤੋਂ ਇਲਾਵਾ ਗੁਰਦੁਆਰਾ ਸਹਿਬਾਨਾਂ ’ਚ ਬੈਂਕ ਦੀ ਤਰਜ਼ ’ਤੇ ਖਤਰੇ ਦਾ ਅਲਾਰਮ ਵੀ ਲਾਉਣ ਦੀ ਸਲਾਹ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਕਈ ਵੀ ਵਿਅਕਤੀ ਜੋ ਅਜਨਬੀਆਂ ਜਿਹਾ ਜਾਪਦਾ ਹੋਵੇ, ਉਸ ਦੀ ਗੁਰਦੁਆਰਾ ਸਾਹਿਬ ਐਂਟਰੀ ’ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਬੇਅਦਬੀ ਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਚੌਕਸੀ ਵਰਤ ਕੇ ਰੋਕਿਆ ਜਾ ਸਕੇ।
ਮੀਟਿੰਗ ’ਚ ਜ਼ਿਲ੍ਹਾ ਪੁਲਿਸ ਦਫ਼ਤਰ ’ਚ ਤਾਇਨਾਤ ਡੀ ਐਸ ਪੀਜ਼ ਲਖਵੀਰ ਸਿੰਘ, ਸੁਰਿੰਦਰ ਚਾਂਦ, ਜਤਿੰਦਰ ਚੌਹਾਨ ਤੋਂ ਇਲਾਵਾ ਬਲਾਚੌਰ ਦੇ ਡੀ ਐਸ ਪੀ ਦਵਿੰਦਰ ਸਿੰਘ, ਮੈਂਬਰ ਐਸ ਜੀ ਪੀ ਸੀ ਮਹਿੰਦਰ ਸਿੰਘ ਹੁਸੈਨਪੁਰ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਮੌਜੂਦ ਸਨ।