ਜ਼ਿਲ੍ਹਾ ਐਸ.ਏ.ਐਸ.ਨਗਰ ਦੀਆਂ ਮੰਡੀਆਂ ਵਿੱਚ ਲਗਪਗ 1.40 ਲੱਖ ਮੀਟਰਕ ਟਨ ਝੋਨੇ ਦੀ ਕੀਤੀ ਗਈ ਖਰੀਦ
ਐਸ.ਏ.ਐਸ.ਨਗਰ, 29 ਅਕਤੂਬਰ(ਸਤੀਸ਼ ਕੁਮਾਰ ਪੱਪੀ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਦੀਆਂ ਮੰਡੀਆਂ ਵਿੱਚ ਬੀਤੇ ਦਿਨ ਤੱਕ 1,40,259 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸੀਜ਼ਨ ਵਿੱਚ 2,14,776 ਮੀਟਰਕ ਟਨ ਝੋਨੇ ਦੀ ਆਮਦ ਦਾ ਟੀਚਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਲਿਫਟਿੰਗ ਦਾ ਮਾਮਲਾ ਲਗਪਗ ਹੱਲ ਹੋ ਗਿਆ ਹੈ ਅਤੇ ਜ਼ਿਆਦਾਤਰ ਮਿੱਲ ਮਾਲਕਾਂ ਨੇ ਸਬੰਧਤ ਖਰੀਦ ਏਜੰਸੀਆਂ ਨਾਲ ਐਗਰੀਮੈਂਟ ਕਰ ਲਿਆ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 24 ਮਿੱਲਰ ਲਿਫ਼ਟਿੰਗ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਬਾਕੀ ਮਿੱਲਰ ਸ਼ਾਮਲ ਹੋਣ ਲਈ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੁਰਾਲੀ, ਖਿਜ਼ਰਾਬਾਦ, ਨਗਲਾ ਅਤੇ ਡੇਰਾਬੱਸੀ ਦੀਆਂ ਮੰਡੀਆਂ ਵਿੱਚ ਖਰੀਦੀ ਗਈ ਝੋਨੇ ਦੀ ਉਪਜ ਨੂੰ ਵੀ ਰਿਲੀਜ਼ ਆਰਡਰ ਜਾਰੀ ਕਰਕੇ ਮਿਲਿੰਗ ਲਈ ਹੋਰਨਾਂ ਜ਼ਿਲ੍ਹਿਆਂ ਦੀਆਂ ਮਿੱਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਤੱਕ ਮੰਡੀਆਂ ਵਿੱਚੋਂ ਕੁੱਲ 39,540 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਦੀ ਵੀ ਉਪਜ ਦੀ ਲਿਫਟਿੰਗ ਕਰ ਦਿੱਤੀ ਜਾਵੇਗੀ।
ਡੀ ਸੀ ਆਸ਼ਿਕਾ ਜੈਨ ਨੇ ਕਿਹਾ, “ਸਾਡੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਚੱਲ ਰਹੇ ਖਰੀਦ ਕਾਰਜਾਂ ਲਈ 2,14,776 ਮੀਟਰਿਕ ਟਨ ਦੀ ਸੰਭਾਵਿਤ ਆਮਦ ਦੇ ਮੁਕਾਬਲੇ ਬੀਤੀ ਸ਼ਾਮ ਤੱਕ 65.30 ਫੀਸਦੀ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਮੰਡੀਆਂ ਵਿੱਚ ਝੋਨੇ ਦੀ ਸਮੁੱਚੀ ਆਮਦ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਸੁਚਾਰੂ ਢੰਗ ਨਾਲ ਸੰਭਾਲ ਸਕਾਂਗੇ।”
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੇ ਝੋਨੇ ਦੀ 309 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਖ਼ਰੀਦ ਦੀ ਪ੍ਰਗਤੀ ਦੇ ਏਜੰਸੀ-ਵਾਰ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਪਨਗ੍ਰੇਨ ਵੱਲੋਂ ਸਭ ਤੋਂ ਵੱਧ 46672 ਮੀਟਰਿਕ ਟਨ ਦੀ ਖਰੀਦ ਕੀਤੀ ਗਈ ਹੈ ਜਦਕਿ ਮਾਰਕਫੈੱਡ 36325 ਮੀਟਰਕ ਟਨ ਦੀ ਖਰੀਦ ਨਾਲ ਦੂਜੇ ਸਥਾਨ ‘ਤੇ ਹੈ। ਪਨਸਪ ਨੇ 31505 ਮੀਟਰਿਕ ਟਨ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 12518 ਮੀਟਰਿਕ ਟਨ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ 12578 ਮੀਟਰਿਕ ਟਨ ਦਾ ਸਟਾਕ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀ ਵਪਾਰੀਆਂ ਨੇ ਕੁੱਲ ਮਿਲਾ ਕੇ 661 ਮੀਟਰਿਕ ਟਨ ਦੀ ਖਰੀਦ ਕੀਤੀ ਹੈ।