ਜ਼ਿਲਾ ਫਾਜ਼ਿਲਕਾ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਫਾਜਿਲਕਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ, ਮਿਸ਼ਨ ਨਿਸਚੈ
ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)-
ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਮਿਤੀ 26-6-2024 ਤੋਂ ਮਿਸ਼ਨ ਨਿਸ਼ਚੈ ਚਲਾਇਆ ਜਾ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ। ਇਸ ਮਿਸ਼ਨ ਦੇ ਤਹਿਤ ਸੀਮਾ ਸੁਰੱਖਿਆ ਬਲਾਂ (BSF) ਅਤੇ ਮੁਹੱਲਾ/ਪਿੰਡ ਸੁਰੱਖਿਆ ਕਮੇਟੀਆਂ ਦੇ ਨਾਲ ਮਿਲਕੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨਾਲ ਭਾਈਚਾਰਕ ਸਾਂਝ ਪੈਦਾ ਕਰਕੇ ਉਹਨਾਂ ਤੋਂ ਗੈਰ—ਕਾਨੂੰਨੀ ਪਦਾਰਥਾਂ (ਨਸ਼ੀਲੇ ਪਦਾਰਥਾਂ) ਦੀ ਸਪਲਾਈ ਬਾਰੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਤਾਂ ਜੋ ਨਸ਼ੇ ਦੇ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਮੱਛੀਆਂ ਤੱਕ ਪਹੁੰਚ ਕਰਕੇ ਉਹਨਾਂ ਦੇ ਖਿਲਾਫ ਵਿਆਪਕ ਕਾਰਵਾਈ ਕਰਕੇ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਤੇ ਰੋਕ ਲਗਾਈ ਜਾ ਸਕੇ। ਮਿਸ਼ਨ ਨਿਸ਼ਚੈ ਰਾਹੀਂ ਸਕਾਰਾਤਮਕ ਮਾਹੌਲ ਪੈਦਾ ਕਰਕੇ ਅਤੇ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰਕੇ ਡਰੱਗ ਹੌਟਸਪੌਟ ਏਰੀਆ ਅਤੇ ਬਾਹਰ ਦੇ ਖੇਤਰਾਂ ਦੇ ਵਾਸੀਆਂ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਹੁਣ ਤੱਕ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾਵੇਗੀ।ਨਸ਼ਿਆਂ ਵਿਰੁੱਧ ਲੜਾਈ ਵਿੱਚ ਔਰਤਾਂ ਨੂੰ ਸਰਗਰਮ ਭਾਗੀਦਾਰਾਂ ਅਤੇ ਸਲਾਹਕਾਰਾਂ ਵਜੋਂ ਸ਼ਾਮਲ ਕਰਦੇ ਹੋਏ ਸਮਾਜ ਦੇ ਲੋਕਾਂ ਤੋਂ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣਗੇ।
ਮਿਸ਼ਨ ਨਿਸ਼ਚੈ ਤਹਿਤ ਮਹਿਕਮਾ ਪੁਲਿਸ ਦੇ ਗਜ਼ਟਿਡ ਅਧਿਕਾਰੀ ਜਿਵੇਂ ਕਿ ਐਸ.ਐਸ.ਪੀ, ਐਸ.ਪੀ ਅਤੇ ਡੀ.ਐਸ.ਪੀ ਇੱਕ ਹਫ਼ਤੇ ਲਈ ਰੋਜ਼ਾਨਾ ਸ਼ਾਮ ਨੂੰ ਜ਼ੀਰੋ ਲਾਈਨ ਤੇ ਘੱਟੋ ਘੱਟ 1 ਨਿਰਧਾਰਤ ਸਰਹੱਦੀ ਪਿੰਡ ਦਾ ਦੌਰਾ ਕਰਨਗੇ। ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਬੰਧਾਂ ਨੂੰ ਵਧਾਉਣ ਲਈ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਛੋਟੇ ਇਕੱਠ ਕਰਕੇ ਗੈਰ ਰਸਮੀ ਗੱਲਬਾਤ ਰਾਹੀਂ ਨਸ਼ਾ ਤਸਕਾਰਾਂ ਖਿਲਾਫ ਖੁਫੀਆ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸੇ ਤਰਾਂ ਕਮਿਊਨਿਟੀ ਪੁਲਿਸਿੰਗ ਦੀ ਮਦਦ ਨਾਲ ਨਸ਼ਿਆਂ ਦੀ ਰੋਕਥਾਮ ਦੇ ਯਤਨਾਂ ਵਿੱਚ ਸਥਾਨਕ ਭਾਈਚਾਰਿਆਂ ਅਤੇ ਹਰ ਵਰਗ ਨੂੰ ਸ਼ਾਮਲ ਕਰਕੇ ਗੈਰ—ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਉਤਪਾਦਕਾਂ, ਵਿਕਰੇਤਾਵਾਂ ਅਤੇ ਖਰੀਦ ਕਰਨ ਵਾਲਿਆਂ ਵਿਰੁੱਧ ਚੌਕਸ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸਦੇ ਸਿੱਟੇ ਵਜੋਂ ਨਸ਼ੇ ਦੀ ਤਸਕਰੀ ਕਰਨ ਅਤੇ ਇਸਦਾ ਸੇਵਨ ਕਰਨ ਵਾਲਿਆਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਮਿਲੇਗੀ। ਮਿਸ਼ਨ ਨਿਸਚੈ ਨੌਜਵਾਨਾਂ ਨੂੰ ਗੈਰ—ਕਾਨੂੰਨੀ ਪਦਾਰਥਾਂ ਤੋਂ ਦੂਰ ਰਹਿਣ ਵਿੱਚ ਸਹਾਇਤਾ ਕਰਨ ਦਾ ਇੱਕ ਰਚਨਾਤਮਕ ਸਾਧਨ ਹੋ ਸਕਦਾ ਹੈ ਅਤੇ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਜਿਸ ਨਾਲ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਮਦਦ ਮਿਲੇਗੀ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਪੁਲਿਸ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪਿਛਲੇ ਕੁਝ ਅਰਸੇ ਦੌਰਾਨ ਸਰਹੱਦ ਪਾਰ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।
ਨਸ਼ੇ ਦੀ ਖਿਲਾਫ ਵਿਆਪਕ ਤੋਰ ਪਰ ਚਲਾਏ ਗਏ ਅਭਿਆਨ ਦੌਰਾਨ ਪਿਛਲੇ 7 ਦਿਨਾਂ ਵਿੱਚ ਕੁੱਲ 120 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਵਿੱਚੋ 53 ਡੱਰਗ ਪੈਡਲਰ ਅਤੇ 67 ਦੋਸ਼ੀ ਹੀਨੀਅਸ ਕਰਾਈਮ ਤੇ ਹੋਰ ਜੁਰਮਾਂ ਵਿੱਚ ਲੋੜੀਂਦੇ ਸਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਿਛਲੇ 3 ਮਹੀਨਿਆਂ ਵਿੱਚ ਕੁੱਲ 955 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਵਿੱਚੋ 155 ਡੱਰਗ ਪੈਡਲਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਹੀਨੀਅਸ ਕਰਾਈਮ ਤੇ ਹੋਰ ਜੁਰਮਾਂ ਵਿੱਚ ਲੋੜੀਂਦੇ 800 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।