ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ- 3 ਦੀ ਮੌਤ
ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)-ਪਟਿਆਲਾ ਦੇ ਪਿੰਡ ਚਤਰ ਨਗਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਜਦੋਂ ਮਾਮਲਾ ਹੱਦੋਂ ਵਧ ਗਿਆ ਤਾਂ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ‘ਚ ਪਿਓ-ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਦੋ ਲੋਕ ਗੰਭੀਰ ਜ਼ਖਮੀ ਹਨ ਜੋ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ। ਇਸ ਮੌਕੇ ਡੀਐਸਪੀ ਸਰਕਲ ਘਨੌਰ ਬੂਟਾ ਸਿੰਘ ਤੇ ਥਾਣਾ ਸ਼ੰਭੂ ਪੁਲਿਸ ਦੀ ਐਸਐਚਓ ਅਮਨਪਾਲ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਤੇ ਉਸ ਦਾ ਪੁੱਤਰ ਜਸਵਿੰਦਰ ਸਿੰਘ ਜੱਸੀ ਵਾਸੀ ਪਿੰਡ ਨੋਗਾਵਾਂ ਜਦੋਂ ਨੇੜਲੇ ਪਿੰਡ ਚਤਰ ਨਗਰ ਵਿਖੇ ਠੇਕੇ ‘ਤੇ ਲਈ ਜ਼ਮੀਨ ‘ਚ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਦੂਜੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਚਤਰ ਨਗਰ ਮੌਜੂਦ ਸਨ। ਇਸ ਦੌਰਾਨ ਦੋਨਾਂ ਧਿਰਾਂ ਦੀ ਠੇਕੇ ‘ਤੇ ਲਈ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਹੋ ਗਿਆ ਤੇ ਹੱਥੋਪਾਈ ਤੋਂ ਬਾਅਦ ਗੋਲ਼ੀਬਾਰੀ ਵੀ ਹੋਈ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀਆਂ ਨੇ ਦਿਲਬਾਗ ਸਿੰਘ ਤੇ ਉਸਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਪਹਿਲੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਉਸ ਦੇ ਨਾਲ ਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਖ਼ਮੀ ਹੋਣ ਕਾਰਨ ਜ਼ੇਰੇ ਇਲਾਜ ਹਨ। ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।