ਜਲੰਧਰ ਜ਼ਿਮਨੀ ਚੋਣ ਵਿੱਚ ਪ੍ਰਚਾਰ ਸਮਾਪਤੀ ਤੋਂ ਬਾਅਦ ’ਆਪ’ ਦੇ ਆਗੂਆਂ ਦੀ ਘਰ ਵਾਪਸੀ ਹੋਈ
ਮਾਨਸਾ, 8 ਜੁਲਾਈ (ਵਿਸ਼ਵ ਵਾਰਤਾ):- ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਮਾਲਵਾ ਖੇਤਰ ਦੇ ਜਿਹੜੇ ਸਿਆਸੀ ਨੇਤਾਵਾਂ ਉਥੇ ਅਨੇਕਾਂ ਦਿਨਾਂ ਤੋਂ ਡੇਰੇ ਗੱਡੇ ਹੋਏ ਸਨ, ਉਨ੍ਹਾਂ ਦੀ ਅੱਜ ਸ਼ਾਮ ਨੂੰ ਘਰ ਵਾਪਸੀ ਹੋਣ ਲੱਗੀ ਹੈ। ਬੇਸ਼ੱਕ ਉਥੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਮਾਲਵਾ ਪੱਟੀ ’ਚ ਵੱਡੀ ਪੱਧਰ ’ਤੇ ਨੇਤਾ ਗਏ ਹੋਏ ਸਨ, ਪਰ ਉਥੇ ਜਾਕੇ ਪ੍ਰਚਾਰ ਕਰਨ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸਮੇਤ ਹੋਰ ਆਗੂਆਂ ਦੀ ਰਹੀ ਹੈ।
ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧਰਾਮ, ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ,ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਡਾ. ਭਰਪੂਰ ਸਿੰਘ,ਅਮਨਦੀਪ ਸਿੰਘ ਅਤੇ ਹੋਰਨਾਂ ਆਗੂਆਂ ਵੱਲੋਂ ਅਨੇਕਾਂ ਦਿਨਾਂ ਤੋਂ ਉਥੇ ਪਾਰਟੀ ਦੇ ਹੱਕ ਵਿੱਚ ਝੰਡੇ ਗੱਡੇ ਹੋਏ ਸਨ। ਇਨ੍ਹਾਂ ਆਗੂਆਂ ਵੱਲੋਂ ਸਰਕਾਰ ਤੋਂ ਖਫ਼ਾ ਵੱਖ-ਵੱਖ ਜਥੇਬੰਦੀਆਂ ਵੱਲੋਂ ਜਲੰਧਰ ਵਿੱਚ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰਨਾਂ ਵਜ਼ੀਰਾਂ ਨਾਲ ਆਪਸੀ ਗੱਲਬਾਤ ਕਰਵਾਕੇ ਸਰਕਾਰ ਵਿਰੋਧੀ ਰੋਸ ਨੂੰ ਹੋਣ ਤੋਂ ਰੋਕਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ।
ਦਿਲਚਸਪ ਗੱਲ ਹੈ ਕਿ ਜਲੰਧਰ ਵਿੱਚ ਰੋਸ ਪ੍ਰਗਟ ਕਰਨ ਵਾਲੀਆਂ ਧਿਰਾਂ ਵਿੱਚ ਬਹੁਤੇ ਆਗੂ ਮਾਨਸਾ, ਬਠਿੰਡਾ,ਸੰਗਰੂਰ, ਬਰਨਾਲਾ ਤੋਂ ਸਨ, ਜਿੰਨਾਂ ਨੂੰ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨੇ ਆਪਣੇ ਨਿੱਜੀ ਰਸੂਖ਼ ਨਾਲ ਰੋਕਕੇ ਸਰਕਾਰ ਵਿਰੁੱਧ ਸੜਕਾਂ ’ਤੇ ਮੁਰਦਾਬਾਦ ਹੋਣ ਤੋਂ ਰੋਕਿਆ ਗਿਆ ਹੈ।
ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧਰਾਮ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਪਾਰਟੀ ਦੇ ਸਾਰੇ ਆਗੂਆਂ ਨੇ ਸ਼ਾਮ ਤੋਂ ਪਹਿਲਾਂ-ਪਹਿਲਾਂ ਘਰ ਵਾਪਸੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਵੇਗੀ ਅਤੇ ਲੋਕਾਂ ਵੱਲੋਂ ਮੁੱਖ ਮੰਤਰੀ ਤੇ ਹੋਰਨਾਂ ਵਜ਼ੀਰਾਂ ਦੀਆਂ ਅਪੀਲਾਂ-ਦਲੀਲਾਂ ਨੂੰ ਸਵੀਕਾਰ ਕਰਦਿਆਂ ਪਾਰਟੀ ਦੇ ਹੱਕ ਵਿੱਚ ਖੜ੍ਹਨ ਦਾ ਨਿਰਣਾ ਲੈ ਲਿਆ ਹੈ।
ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਭਲਕੇ ਮੰਗਲਵਾਰ ਤੋਂ ਉਹ ਆਪੋ-ਆਪਣੇ ਹਲਕਿਆਂ ਦੇ ਲੋਕਾਂ ਦੀਆਂ ਤਕਲੀਫ਼ਾਂ ਲਈ ਬਕਾਇਦਾ ਹਾਜ਼ਰ ਹੋ ਜਾਣਗੇ ਅਤੇ ਰਾਜ ਵਿੱਚ ਮੀਂਹਾਂ ਦੀ ਸਥਿਤੀ ਜਾਨਣ ਲਈ ਅਤੇ ਇਸ ਤੋਂ ਬਚਾਅ ਲਈ ਮੁੱਢਲੇ ਬੰਦੋਬਸ਼ਤ ਵਿੱਚ ਰੁੱਝ ਜਾਣਗੇ।