ਜਲੰਧਰ ਵਿੱਚ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ;ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠੇ
ਪੜ੍ਹੋ ਕੀ ਹੈ ਕਿਸਾਨਾਂ ਦੀ ਮੰਗ ਅਤੇ ਯਾਤਰੀਆਂ ਅਪਣਾ ਸਕਦੇ ਹਨ ਕਿਹੜੇ ਹੋਰ ਰੂਟ
ਚੰਡੀਗੜ੍ਹ,8 ਅਗਸਤ(ਵਿਸ਼ਵ ਵਾਰਤਾ)-ਖੰਡ ਮਿੱਲਾਂ ਵੱਲੋਂ ਗੰਨੇ ਦੀ ਕਰੀਬ 72 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਨੂੰ ਲੈ ਕੇ ਅੱਜ ਕਿਸਾਨਾ ਜਲੰਧਰ ਅਤੇ ਲੁਧਿਆਣਾ ਵਿਚਕਾਰ ਫਗਵਾੜਾ ਸਥਿਤ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇਅ ਜਾਮ ਕਰ ਦਿੱਤਾ ਹੈ ਅਤੇ ਉਹ ਸਥਾਈ ਧਰਨੇ ਤੇ ਬੈਠ ਗਏ ਹਨ। ਜੇਕਰ ਤੁਸੀਂ ਪਠਾਨਕੋਟ-ਜਲੰਧਰ-ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਹੋ ਜਾਂ ਲੁਧਿਆਣਾ ਵਾਲੇ ਪਾਸੇ ਤੋਂ ਜਲੰਧਰ ਵੱਲ ਆ ਰਹੇ ਹੋ ਤਾਂ ਤੁਹਾਨੂੰ ਹਾਈਵੇਅ ‘ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਧਰਨੇ ਦੇ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੀ ਫਗਵਾੜਾ ਸਬ-ਡਵੀਜ਼ਨ ਦੇ ਪੁਲੀਸ ਪ੍ਰਸ਼ਾਸਨ ਨੇ ਰਸਤਿਆਂ ਨੂੰ ਮੋੜ ਦਿੱਤਾ ਹੈ। ਟਰੈਫਿਕ ਇੰਚਾਰਜ ਫਗਵਾੜਾ ਅਮਨ ਕੁਮਾਰ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਐਸਪੀ ਅਤੇ ਫਗਵਾੜਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਟਰੈਫਿਕ ਡਾਇਵਰਟ ਰੂਟ ਪਲਾਨ ਜਾਰੀ ਕੀਤਾ ਹੈ। ਜਿਸ ਤਹਿਤ ਜਲੰਧਰ ਤੋਂ ਦਿੱਲੀ ਜਾਣ ਵਾਲੀ ਟਰੈਫਿਕ ਨੂੰ ਮਹਿਤਾਨ ਬਾਈਪਾਸ ਤੋਂ ਭੁੱਲਾਰਾਈ ਰੋਡ ਵੱਲ ਭੇਜਿਆ ਜਾਵੇਗਾ। ਹਲਕੇ ਵਾਹਨ ਨੂੰ ਮੇਹਲੀ ਬਾਈਪਾਸ ਤੋਂ ਜੀ.ਟੀ ਰੋਡ ‘ਤੇ ਹਰਗੋਬਿੰਦ ਨਗਰ ਵੱਲ ਮੋੜ ਦਿੱਤਾ ਗਿਆ ਹੈ।
ਭਾਰੀ ਵਾਹਨਾਂ ਨੂੰ ਬੰਗਾ ਤੋਂ ਮੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਹਦੀਆਬਾਦ, ਗੰਢਵਾ, ਮਹਿਤਾਨ ਵਾਇਆ ਜਲੰਧਰ ਜਾਣ ਵਾਲੀ ਟਰੈਫਿਕ ਨੂੰ ਐਲਪੀਯੂ ਰਾਹੀਂ ਮੋੜ ਦਿੱਤਾ ਗਿਆ ਹੈ। ਲੁਧਿਆਣਾ ਤੋਂ ਜਲੰਧਰ ਜਾਣ ਵਾਲਾ ਭਾਰੀ ਵਾਹਨ ਫਿਲੌਰ-ਨੂਰਮਹਿਲ ਜੰਡਿਆਲਾ ਤੋਂ ਹੁੰਦਾ ਹੋਇਆ ਜਲੰਧਰ ਪਹੁੰਚੇਗਾ, ਇਸੇ ਤਰ੍ਹਾਂ ਹਲਕਾ ਫਗਵਾੜਾ ਦੇ ਪਿੰਡ ਮੌਲੀ ਤੋਂ ਹਦੀਆ ਮਾੜੀ ਗੰਡ ਅਤੇ ਮਹਿਤਾਨ ਐਲ.ਪੀ.ਯੂ ਰਾਹੀਂ ਜਲੰਧਰ ਪਹੁੰਚੇਗਾ।