ਨਾਗਰਿਕ ਸੇਵਾਵਾਂ ਵਿੱਚ ਸੁਧਾਰ ਲਈ ਡੀਸੀ ਨੇ ਐਮਆਈਐਸ ਰਾਹੀਂ ਅਰਜ਼ੀਆਂ ਦੀ ਨਿਗਰਾਨੀ ਕੀਤੀ, ਮਿਹਨਤੀ ਅਧਿਕਾਰੀਆਂ ਨੂੰ ਸਨਮਾਨਿਆਂ ਅਤੇ ਲੋਕਾਂ ਦੀ ਪ੍ਰਤੀਕਿਰਿਆ ਪ੍ਰਾਪਤ ਕੀਤੀ
ਟੀਮ ਦੇ ਸਾਂਝੇ ਯਤਨਾਂ ਸਦਕਾ ਜਲੰਧਰ ਪੰਜਾਬ ਵਿੱਚੋਂ ਸਭ ਤੋਂ ਘੱਟ ਪੈਂਡੈਂਸੀ ਵਾਲਾ ਜ਼ਿਲ੍ਹਾ ਬਣਿਆ : ਡੀਸੀ ਘਨਸ਼ਿਆਮ ਥੋਰੀ
ਜਲੰਧਰ, 27 ਦਸੰਬਰ(ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਗਰਿਕ ਸੇਵਾਵਾਂ ਵੰਡ ਵਿਚ ਸੁਧਾਰ ਲਈ ਸਕਾਚ ਸਿਲਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਐਵਾਰਡ ਇੱਕ ਸੁਤੰਤਰ ਸੰਗਠਨ ਵੱਲੋਂ ਦਿੱਤਾ ਜਾਂਦਾ ਦੇਸ਼ ਵਿੱਚ ਸਰਵਉੱਚ ਅਤੇ ਰਾਸ਼ਟਰੀ ਪੱਧਰ ਦਾ ਸਨਮਾਨ ਹੈ। ਇਸ ਵਾਰ ਕੋਵਿਡ ਮਹਾਂਮਾਰੀ ਕਾਰਨ ਮੁਕਾਬਲੇ ਦੇ ਸਾਰੇ ਛੇ ਪੜਾਅ ਵਰਚੂਅਲ ਢੰਗ ਨਾਲ ਕਰਵਾਏ ਗਏ, ਜਿਨ੍ਹਾਂ ਵਿੱਚ ਜਲੰਧਰ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਆਖਿਰੀ ਦੌਰ ਵਿੱਚ ਪ੍ਰਸ਼ਾਸਨ ਨੂੰ ਐਵਾਰਡ ਨਾਲ ਨਵਾਜ਼ਿਆ ਗਿਆ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕਾਚ ਐਵਾਰਡ ਅਧਿਕਾਰੀਆਂ/ਕਰਮਚਾਰੀਆਂ ਦੇ ਸਾਂਝੇ ਯਤਨਾਂ ਸਦਕਾ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਨਿਰਧਾਰਤ ਸਮੇਂ ਦੇ ਅੰਦਰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਲਈ ਸੁਹਿਰਦ ਅਤੇ ਮਿਸਾਲੀ ਉਪਰਾਲੇ ਕੀਤੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜਲੰਧਰ ਦੀ “ਜ਼ੀਰੋ ਪੈਂਡੈਂਸੀ” ਪਹੁੰਚ ਨੂੰ ਅਪਣਾਇਆ, ਜਿਸ ਲਈ ਤਹਿਸੀਲ ਜਾਂ ਸਬ ਤਹਿਸੀਲ ਪੱਧਰ ‘ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਤਾਂ ਜੋ ਅੰਤਿਮ ਪ੍ਰਵਾਨਗੀ ਤੋਂ ਪਹਿਲਾਂ ਨਾਗਰਿਕ ਦਰਖਾਸਤ ‘ਤੇ ਕਾਰਵਾਈ ਕਰਨ ਵਾਲੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਮਆਈਐਸ) ਰਾਹੀਂ ਹਰ ਦਫ਼ਤਰ ਦੀ ਦਰਖਾਸਤ ਪ੍ਰਕਿਰਿਆ ਸਬੰਧੀ ਕਾਰਗੁਜ਼ਾਰੀ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾਂਦੀ ਹੈ।
ਥੋਰੀ ਨੇ ਕਿਹਾ ਜੇਕਰ ਕੋਈ ਅਰਜ਼ੀ ਪੈਂਡਿੰਗ ਪਾਈ ਜਾਂਦੀ ਹੈ ਤਾਂ ਉਹ ਤੁਰੰਤ ਸਬੰਧਤ ਅਧਿਕਾਰੀ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਨੋਡਲ ਅਧਿਕਾਰੀ ਸੁਚੇਤ ਹੋ ਜਾਂਦੇ ਹਨ, ਜਿਨ੍ਹਾਂ ਦਾ ਕੰਮ ਬਿਨ੍ਹਾਂ ਕਿਸੇ ਦੇਰੀ ਦੇ ਬਿਨੈ-ਪੱਤਰ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੀਰੋ ਪੈਂਡੈਂਸੀ ਪਹੁੰਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਦੋ ਪੱਖੀ ਜਾਣਕਾਰੀ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨਾ ਸਿਰਫ ਪੈਂਡੈਂਸੀ ਦੀ ਪਹਿਚਾਨ ਕਰਦਾ ਹੈ ਸਗੋਂ ਸੁਚੇਤ ਵੀ ਕਰਦਾ ਹੈ ਅਤੇ ਜ਼ਿਲਾ ਵਿਭਾਗਾਂ ਦੇ ਮੁਖੀਆਂ ਨਾਲ ਵੀ ਪੈਂਡੈਂਸੀ ਦੇ ਮੁੱਖ ਕਾਰਨਾਂ ਨੂੰ ਸਾਂਝਾ ਅਤੇ ਰਿਕਾਰਡ ਕਰਦਾ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਭਵਿੱਖ ਵਿਚ ਉਸੇ ਕਾਰਨ ਕਰਕੇ ਹੋਣ ਵਾਲੀ ਕਿਸੇ ਵੀ ਪੈਂਡੈਂਸੀ ਨੂੰ ਰੋਕਣ ਲਈ ਵਿਭਾਗਾਂ ਵੱਲੋਂ ਢਾਂਚਾਗਤ ਰੁਕਾਵਟਾਂ ਨੂੰ ਦੂਰ ਕੀਤਾ ਜਾਵੇਗਾ।
ਅਧਿਕਾਰੀਆਂ/ ਕਰਮਚਾਰੀਆਂ ਨੂੰ ਜ਼ੀਰੋ ਪੈਂਡੈਂਸੀ ਲਈ ਸਨਮਾਨਿਤ ਕੀਤਾ ਗਿਆ; ਉਨ੍ਹਾਂ ਕਿਹਾ ਕਿ ਇਸ ਨਾਲ ਹੋਰਨਾਂ ਨੂੰ ਉਨ੍ਹਾਂ ਵਾਂਗ ਮਿਹਨਤ ਕਰਨ ਲਈ ਪ੍ਰੇਰਨਾ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਈਮੇਲਾਂ, ਹੈਲਪਲਾਈਨ ਨੰਬਰ ਅਤੇ ਫੇਸਬੁੱਕ ਪੇਜ ‘ਤੇ ਨਾਗਰਿਕਾਂ ਦੀ ਸ਼ਿਕਾਇਤ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਰਿਕਾਰਡ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਸ਼ਿਕਾਇਤ ਨੂੰ ਹੱਲ ਕਰਨ ਲਈ ਸਿਸਟਮ ਤਿਆਰ ਕੀਤਾ ਗਿਆ ।
ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਗਰਿਕਾਂ, ਜਿਨ੍ਹਾਂ ਨੇ ਸੇਵਾ ਕੇਂਦਰ ਦੀਆਂ ਸਹੂਲਤਾਂ ਦੀ ਪਿਛਲੇ ਸੱਤ ਦਿਨਾਂ ਦੇ ਅੰਦਰ ਵਰਤੋਂ ਕੀਤੀ ਹੈ, ਪਾਸੋਂ ਉਨ੍ਹਾਂ ਦੇ ਕੀਮਤੀ ਸੁਝਾਅ ਅਤੇ ਫੀਡਬੈਕ ਵੀ ਪ੍ਰਾਪਤ ਕੀਤੇ ਜਾਂਦੇ ਹਨ।
ਜਲੰਧਰ ਪੰਜਾਬ ਦਾ ਮੋਹਰੀ ਜ਼ਿਲ੍ਹਾ ਹੈ, ਜੋ ਸੇਵਾ-ਕੇਂਦਰਾਂ ਵਿਚ ਦਰਖਾਸਤਾਂ ਦੀ 0.01 ਫੀਸਦੀ ਪੈਂਡੈਂਸੀ ਰੱਖਦਾ ਹੈ ਅਤੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਜਲਦੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾ ਰਿਹਾ ਹੈ।
ਇਸ ਤੋਂ ਪਹਿਲਾਂ ਜ਼ਿਲ੍ਹਾ ਸੇਵਾ ਵੰਡ ਸੁਧਾਰ ਦੀ ਸ਼੍ਰੇਣੀ ਵਿੱਚ ਮਿਲਣ ਵਾਲੇ ਪ੍ਰਧਾਨ ਮੰਤਰੀ ਐਵਾਰਡਾਂ ਦੀ ਟਾਪ ਫਾਈਵ ਸੂਚੀ ਵਿੱਚ ਸੂਬੇ ਵਿੱਚੋਂ ਪਹਿਲਾ ਅਤੇ ਇਕਮਾਤਰ ਜ਼ਿਲ੍ਹਾ ਸੀ। ਜ਼ੀਰੋ ਪੈਂਡੈਂਸੀ ਅਪਰੋਚ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ ਭਾਰਤ ਸਰਕਾਰ ਦੁਆਰਾ ਤਿਆਰ ਕੌਫੀਟੇਬਲ ਬੁੱਕ ਵਿੱਚ ਦਰਸਾਇਆ ਗਿਆ ਹੈ।