ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਫਿਰ ਵਿਵਾਦਾਂ ‘ਚ
ਰਾਜਪਾਲ ਵੱਲੋਂ ਲਾਏ ਦੋਸ਼ਾਂ ਦੀ ਸੀਬੀਆਈ ਨੇ ਜਾਂਚ ਕੀਤੀ ਸ਼ੁਰੂ
ਚੰਡੀਗੜ੍ਹ, 2 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਸੀਨੀਅਰ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਜੋ ਕਿ ਅੱਜ ਕੱਲ੍ਹ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਤੈਨਾਤ ਹਨ, ਮੁੜ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਉਹਨਾਂ ਖਿਲਾਫ ਚੁੱਕੇ ਸਵਾਲਾਂ ਦੀ ਸੀਬੀਆਈ ਨੇ ਜਾਂਚ ਆਰੰਭ ਦਿੱਤੀ ਹੈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੁਲਦੀਪ ਚਾਹਲ ਜਦੋਂ ਚੰਡੀਗੜ੍ਹ ਦੇ ਐਸਐਸਪੀ ਸਨ ਤਾਂ ਉਹਨਾਂ ਖਿਲਾਫ ਆਈਆਂ ਕੁੱਝ ਸ਼ਿਕਾਇਤਾਂ ਨੂੰ ਲੈ ਕੇ ਕਾਫੀ ਮਾਮਲਾ ਭਖਿਆ ਸੀ। ਸੋ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤਿੰਨ ਸਾਲ ਦੇ ਨੀਅਤ ਕੀਤੇ ਸਮੇਂ ਤੋਂ ਪਹਿਲਾਂ ਹੀ ਉਨਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਸੀ। ਜਿਸ ਬਾਰੇ ਕਾਫੀ ਵਿਵਾਦ ਭਖਿਆ ਸੀ। ਚੰਡੀਗੜ੍ਹ ਪ੍ਰਸ਼ਾਸ਼ਕ ਤੇ ਰਾਜਪਾਲ ਦਫਤਰ ਅਤੇ ਮੁੱਖ ਮੰਤਰੀ ਪੰਜਾਬ ਦਫਤਰ ਵਿਚਾਲੇ ਇੱਕ ਦੂਜੇ ਦੇ ਖਿਲਾਫ ਬਿਆਨਬਾਜੀ ਵੀ ਹੋਈ ਸੀ।
ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸ਼ਨ ਵਿੱਚ ਕੀਤੇ ਗਏ ਵੱਡੇ ਫੇਰਬਦਲ ਵਿਚ ਚਾਹਲ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਲਗਾ ਦਿੱਤਾ ਗਿਆ ਸੀ। ਕੁਲਦੀਪ ਚਾਹਲ ਖਿਲਾਫ ਸੀਬੀਆਈ ਜਾਂਚ ਸ਼ੁਰੂ ਹੋਣ ਤੇ ਦੁਬਾਰਾ ਫਿਰ ਮੁੱਖ ਮੰਤਰੀ ਦਫਤਰ ਅਤੇ ਗਵਰਨਰ ਪੰਜਾਬ ਵਿਚਕਾਰ ਮੁੜ ਤਲਖਬਾਜੀ ਵਧ ਸਕਦੀ ਹੈ।
ਪੰਜਾਬ ਸਰਕਾਰ ਇਸ ਬਾਰੇ ਕੀ ਫੈਸਲਾ ਲਵੇਗੀ ਇਸ ਸੰਬੰਧ ਵਿੱਚ ਹਾਲਾਂਕਿ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।