ਜਲੰਧਰ ਦੀ ਇਕ ਟਰੈਵਲ ਏਜੰਸੀ ਤੇ ਲੱਗੇ ਲੱਖਾਂ ਰੁਪਏ ਠੱਗਣ ਦੇ ਦੋਸ਼
ਪੁਲਿਸ ਵੱਲੋਂ ਜਾਂਚ ਜਾਰੀ, ਦੋਵੇਂ ਧਿਰਾਂ ਪਹੁੰਚੀਆਂ ਥਾਣੇ
ਚੰਡੀਗੜ੍ਹ, 28ਅਕਤੂਬਰ(ਵਿਸ਼ਵ ਵਾਰਤਾ)- ਜਲੰਧਰ ਦੀ ਇਕ ਟਰੈਵਲ ਏਜੰਸੀ ਤੇ ਲੱਖਾਂ ਰੁਪਏ ਠੱਗਣ ਦਾ ਦੋਸ਼ ਲੱਗਾ ਹੈ। ਪਟਿਆਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਦੋਸ਼ ਲਾਇਆ ਹੈ ਕਿ ਟਰੈਵਲ ਏਜੰਸੀ ਦੇ ਏਜੰਟ ਨੇ ਕੈਨੇਡਾ ਭੇਜਣ ਦੇ ਨਾਂ ’ਤੇ 5.75 ਲੱਖ ਰੁਪਏ ਲੈ ਕੇ ਫਰਜ਼ੀ ਵੀਜ਼ਾ ਲਗਵਾ ਦਿੱਤਾ। ਕਰੀਬ ਇੱਕ ਸਾਲ ਤੋਂ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਵੀਜ਼ਾ ਮਿਲਿਆ। ਕੁਲਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਨਰਿੰਦਰ ਸਿਨੇਮਾ ਨੇੜੇ ਸਥਿਤ ਅਰੋੜਾ ਪ੍ਰਾਈਮ ਟਾਵਰ ਪ੍ਰੈਸਟੀਜ ਚੈਂਬਰ ਵਿਖੇ ਪੈਸੇ ਕਢਵਾਉਣ ਲਈ ਦੁਬਾਰਾ ਆਏ ਤਾਂ ਏਜੰਟ ਅਤੇ ਬਾਊਂਸਰ ਵੱਲੋਂ ਉਨ੍ਹਾਂ ਨੂੰ ਫੜ ਕੇ ਕੁੱਟਮਾਰ ਕੀਤੀ ਗਈ। ਆਕਾਸ਼ਦੀਪ ਨੇ ਦੋਸ਼ ਲਾਇਆ ਕਿ ਉਸ ਨੇ ਸਤੰਬਰ 2020 ਵਿੱਚ 5.75 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਤਿੰਨ ਲੋਕਾਂ ਦੇ ਵੀਜ਼ੇ ਲਗਵਾਉਣ ਦਾ ਦਾਅਵਾ ਕੀਤਾ ਸੀ।
ਅਕਾਸ਼ਦੀਪ ਨੇ ਦੱਸਿਆ ਕਿ ਉਸ ਨੇ ਇੱਕ ਸਾਲ ਤੱਕ ਪੈਸੇ ਵਾਪਸ ਨਹੀਂ ਕੀਤੇ। ਅੱਜ ਜਦੋਂ ਉਸਦੇ ਪਿਤਾ ਕੁਲਦੀਪ ਸਿੰਘ ਪੈਸੇ ਲੈਣ ਆਏ ਤਾਂ ਉਸਦੀ ਦਾੜ੍ਹੀ ਖਿਚੀ ਗਈ ਤੇ ਦਫਤਰ ਵਿੱਚ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਧਿਰਾਂ ਥਾਣੇ ਵਿੱਚ ਪੁੱਜੀਆਂ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।