ਜਲੰਧਰ ’ਚ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ ਸੌ ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ, ਐਨ.ਐਚ.ਏ.ਆਈ. ਦੇ ਸਪੁਰਦ ਕੀਤੀ : ਡਿਪਟੀ ਕਮਿਸ਼ਨਰ
ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ ਕਰੀਬ 80 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ
ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੂਜ਼ੀਸ਼ਨ ਨੂੰ ਪੈਂਡਿੰਗ ਥ੍ਰੀ ਜੀ ਅਵਾਰਡਾਂ ਦੀ ਅਦਾਇਗੀ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ
ਜਲੰਧਰ, 27 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈਸਵੇ ਅਧੀਨ ਜਲੰਧਰ ’ਚ ਸੌ ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਸਪੁਰਦ ਕੀਤੀ ਜਾ ਚੁੱਕੀ ਹੈ। ਜਦਕਿ ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ ਕਰੀਬ 80 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਾ ਹੈ ਤਾਂ ਜੋ ਕੌਮੀ ਮਹੱਤਤਾ ਵਾਲੇ ਪ੍ਰਾਜੈਕਟਾਂ ਦੇ ਜਲਦ ਨਿਰਮਾਣ ਦਾ ਰਾਹ ਪੱਧਰਾ ਹੋ ਸਕੇ।
ਐਨ.ਐਚ.ਏ.ਆਈ. ਦੇ ਚੇਅਰਪਰਸਨ ਅਲਕਾ ਉਪਾਧਿਆਏ ਤੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੱਲੋਂ ਵੱਖ-ਵੱਖ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਮੀਟਿੰਗ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਲੰਧਰ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇ ਤਹਿਤ ਕਬਜ਼ੇ ਅਧੀਨ ਲਈ ਗਈ ਸੌ ਫੀਸਦੀ ਜ਼ਮੀਨ ਵਿੱਚ ਜਲੰਧਰ-2, ਫਿਲੌਰ ਅਤੇ ਨਕੋਦਰ ਵਿਚਲੀ ਜ਼ਮੀਨ ਦਾ ਕਬਜ਼ਾ ਸ਼ਾਮਲ ਹੈ। ਜਦਕਿ ਐੱਨ.ਐੱਚ.-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟਾਂ ਤਹਿਤ 100 ਫੀਸਦੀ ਜ਼ਮੀਨ ਪਹਿਲਾਂ ਹੀ ਕਬਜ਼ੇ ਵਿਚ ਲਈ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਬਾਈਪਾਸ ਅਧੀਨ ਕਰੀਬ 80 ਫੀਸਦੀ ਜ਼ਮੀਨ ਕਬਜ਼ੇ ਵਿੱਚ ਲਈ ਜਾ ਚੁੱਕੀ ਹੈ ਅਤੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਲਈ ਵੀ ਕਬਜ਼ੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਪ੍ਰਾਜੈਕਟ ਤਹਿਤ ਜ਼ਮੀਨ ਮਾਲਕਾਂ ਨੂੰ 475.25 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਵੰਡੀ ਜਾ ਚੁੱਕੀ ਹੈ, ਜਿਸ ਵਿੱਚ ਐਸ.ਡੀ.ਐਮ.-2 ਵੱਲੋਂ 256.57 ਕਰੋੜ, ਐਸ.ਡੀ.ਐਮ. ਫਿਲੌਰ ਵੱਲੋਂ 118.19 ਅਤੇ ਐਸ.ਡੀ.ਐਮ. ਨਕੋਦਰ ਵੱਲੋਂ 100.49 ਕਰੋੜ ਰੁਪਏ ਦੀ ਅਦਾਇਗੀ ਸ਼ਾਮਲ ਹਨ। ਇਸੇ ਤਰ੍ਹਾਂ ਜਲੰਧਰ ਬਾਈਪਾਸ ਅਧੀਨ 224 ਕਰੋੜ, ਐਨ.ਐਚ-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟ ਤਹਿਤ 135.37 ਕਰੋੜ ਅਤੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਪ੍ਰਾਜੈਕਟ ਅਧੀਨ ਜ਼ਮੀਨ ਮਾਲਕਾਂ ਨੂੰ 10.5 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕੰਪੀਟੈਂਟ ਅਥਾਰਟੀ ਆਫ ਲੈਂਡ ਐਕੂਜ਼ੀਸ਼ਨ ਨੂੰ ਪੈਂਡਿੰਗ ਥ੍ਰੀ ਜੀ ਅਵਾਰਡਾਂ ਦੀ ਸਬੰਧਤ ਵਿਅਕਤੀਆਂ ਨੂੰ ਵੰਡ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਸ ਮੌਕੇ ਐਸ.ਡੀ.ਐਮ. ਜਲੰਧਰ-1 ਜੈ ਇੰਦਰ ਸਿੰਘ, ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਨਕੋਦਰ ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਆਦਿ ਮੌਜੂਦ ਸਨ।