ਜਰਮਨੀ ਵਿੱਚ ਪੰਜਾਬੀ ਪਿਤਾ ਵੱਲੋਂ ਆਪਣੇ ਦੋ ਬੱਚਿਆਂ ਦਾ ਬੇਰਹਿਮੀ ਨਾਲ ਕਤਲ
ਮ੍ਰਿਤਕ ਬੱਚਿਆਂ ਦਾ ਨਾਨਕਾ ਪਰਿਵਾਰ ਹੈ ਬਠਿੰਡੇ ਨਾਲ ਅਤੇ ਦਾਦਕਾ ਪਰਿਵਾਰ ਹੈ ਬਾਘਾ ਪੁਰਾਣਾ ਨਾਲ ਸੰਬੰਧਿਤ
ਚੰਡੀਗੜ੍ਹ,16 ਮਈ(ਵਿਸ਼ਵ ਵਾਰਤਾ)- ਜਰਮਨੀ ਦੇ ਹਨਾਊ ਸ਼ਹਿਰ ਵਿੱਚ ਇੱਕ ਪਿਤਾ ਵੱਲੋਂ ਹੀ ਬੇਰਹਿਮ ਘਟਨਾ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 11 ਮਈ ਨੂੰ 11 ਸਾਲਾ ਜੰਨਤਵੀਰ ਨਾਮਕ ਲੜਕੇ ਨੂੰ ਇੱਕ ਉੱਚੀ ਇਮਾਰਤ ਦੇ ਸਾਹਮਣੇ ਜਖਮੀ ਹਾਲਤ ਵਿਚ ਪਾਇਆ ਗਿਆ ਸੀ ਅਤੇ ਉਸੇ ਇਮਾਰਤ ਦੀ 9ਵੀਂ ਮੰਜਿਲ ਦੀ ਬਾਲਕੋਨੀ ਵਿੱਚ ਉਸ ਲੜਕੇ ਦੀ ਭੈਣ ਮੁਖਮਨੀ(9 ਸਾਲ) ਮ੍ਰਿਤਕ ਹਾਲਤ ਵਿੱਚ ਪਈ ਮਿਲੀ ਸੀ,ਉਸਦਾ ਗਲਾ ਵੱਢਿਆ ਹੋਇਆ ਸੀ। ਲੜਕੇ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਹੁਣ ਇਸ ਘਟਨਾ ਦੇ ਤਿੰਨ ਦਿਨਾਂ ਬਾਅਦ ਪੁਲਿਸ ਵੱਲੋਂ ਦੋਵਾਂ ਬੱਚਿਆਂ ਦੇ ਪਿਤਾ ਜੀਤ ਸਿੰਘ ਜੋ ਕਿ ਬਾਘਾ ਪੁਰਾਣਾ ਨਾਲ ਸੰਬੰਧਿਤ ਹੈ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਪਰਿਵਾਰ ਪਿਛਲੇ ਸਾਲ ਹੀ ਜਰਮਨੀ ਦੇ ਸ਼ਹਿਰ ਹਨਾਊ ਆਇਆ ਸੀ। ਜਿਸ ਤੋਂ ਬਾਅਦ ਪਰਿਵਾਰਕ ਕਲੇਸ਼ ਦੇ ਚੱਲਦਿਆਂ ਦੋਸ਼ੀ ਪਿਤਾ ਨੂੰ ਯੁਵਕ ਭਲਾਈ ਦਫ਼ਤਰ ਦੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਹੀ ਬੱਚਿਆਂ ਨਾਲ ਮਿਲਣ ਦੀ ਆਗਿਆ ਸੀ। ਜਾਣਕਾਰੀ ਅਨੁਸਾਰ ਬੱਚਿਆਂ ਦੀ ਮਾਂ ਵੀਰਪਾਲ ਕੌਰ ਸਵੇਰੇ 6 ਵਜੇ ਕੰਮ ਲਈ ਨਿਕਲ ਗਈ ਸੀ ਅਤੇ ਬੱਚਿਆਂ ਨੇ 8 ਵਜੇ ਸਕੂਲ ਲਈ ਨਿਕਲਣਾ ਸੀ ਕਤਲ ਦੀ ਘਟਨਾ 6 ਤੋਂ 8 ਵਜੇ ਦੇ ਵਿਚਕਾਰ ਹੀ ਵਾਪਰੀ ਹੈ। ਪੁਲਿਸ ਵੱਲੋਂ ਪਿਤਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵੀਰਪਾਲ ਕੌਰ ਦੇ ਮਾਪਿਆਂ ਵੱਲੋਂ ਮੋਗਾ ਦੇ ਐਸਐਸਪੀ ਨੂੰ ਵੀ ਇਸ ਸੰਬੰਧੀ ਲਿਖਤੀ ਦਰਖਾਸਤ ਦਿੱਤੀ ਗਈ ਹੈ।