ਜਰਮਨੀ ਦੇ ਫਰਜ਼ੀ ਵੀਜ਼ੇ ਸਮੇਤ ਨੌਜਵਾਨ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੀਤਾ ਕਾਬੂ
ਚੰਡੀਗੜ੍ਹ 2 ਨਵੰਬਰ(ਵਿਸ਼ਵ ਵਾਰਤਾ) – ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫਰਜ਼ੀ ਵੀਜ਼ਾ ਲੈ ਕੇ ਵਿਦੇਸ਼ ਜਾਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ ਜੋ ਕਿ ਜਲੰਧਰ ਦੇ ਨਕੋਦਰ ਦਾ ਰਹਿਣ ਵਾਲਾ ਹੈ। ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਅੰਮ੍ਰਿਤਸਰ ਤੋਂ ਜਰਮਨੀ ਜਾਣ ਦੀ ਤਿਆਰੀ ਕਰ ਰਿਹਾ ਸੀ। ਫਲਾਈਟ ਫੜਨ ਤੋਂ ਪਹਿਲਾਂ ਜਦੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਸਦੇ ਪਾਸਪੋਰਟ ‘ਤੇ ਲੱਗਾ ਵੀਜ਼ਾ ਜਾਅਲੀ ਪਾਇਆ ਗਿਆ। ਥਾਣਾ ਏਅਰਪੋਰਟ ਦੇ ਐੱਸਐੱਚਓ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਪ੍ਰਭਜੋਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਪਹਿਲਾਂ ਹੀ ਕੋਈ ਕੇਸ ਦਰਜ ਨਹੀਂ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਜਲੰਧਰ ਤੋਂ ਵੀਜ਼ਾ ਲਗਵਾਇਆ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਵੀਜ਼ਾ ਫਰਜ਼ੀ ਹੈ।