ਜਨਰਲ ਵਰਗ ਦੀ ਭੁੱਖ ਹੜਤਾਲ 22ਵੇਂ ਦਿਨ ਵੀ ਜਾਰੀ
ਸ਼੍ਰੀ ਚਮਕੌਰ ਸਾਹਿਬ,17ਦਸੰਬਰ(ਵਿਸ਼ਵ ਵਾਰਤਾ)- ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ(ਰਜਿ) ਵਲ਼ੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਚਲ ਰਹੀ ਭੁੱਖ ਹੜਤਾਲ ਅੱਜ 22ਵੇਂ ਦਿਨ ਵਿਚ ਸ਼ਾਮਿਲ ਹੋ ਗਈ। ਅੱਜ ਦੀ ਭੁੱਖ ਹੜਤਾਲ ਵਿਚ ਪ੍ਰਦੀਪ ਕੁਮਾਰ ਵਿਜ, ਪਵਨ ਕੁਮਾਰ, ਦਵਿੰਦਰ ਕੁਮਾਰ ਗੁਪਤਾ, ਵਿਕਾਸ ਜਿੰਦਲ ਅਤੇ ਜਗਦੀਪ ਸਿੰਘ ਨੇ ਭਾਗ ਲਿਆ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਅੱਜ ਸ਼ਾਮ ਨੂੰ ਕੈਬਨਿਟ ਦੀ ਹੋ ਰਹੀ ਮੀਟਿੰਗ ਵਿਚ ਜਨਰਲ ਕੈਟਾਗਰੀ ਕਮਿਸ਼ਨ ਬਣਾਉਣ ਦਾ ਐਲਾਨ ਹੋ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਮੁੱਚਾ ਜਨਰਲ ਵਰਗ ਇਸ ਦਾ ਪੁਰਜ਼ੋਰ ਸਵਾਗਤ ਕਰੇਗਾ। ਫੈਡਰੇਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਗੁੜਾਂਗ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਮੁੱਚਾ ਜਨਰਲ ਵਰਗ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਜਨਰਲ ਵਰਗ ਦੀ ਬੜੇ ਚਿਰ ਤੋਂ ਲੰਬਿਤ ਪਈ ਮੰਗ ਪੂਰੀ ਕਰਨ ਜਾ ਰਹੀ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਅੱਜ ਦੀ ਕੈਬਨਿਟ ਮੀਟਿੰਗ ਹੋਣ ਤੋਂ ਬਾਅਦ ਹੀ ਅਗਲਾ ਪ੍ਰੋਗਰਾਮ ਉਲੀਕਿਆਂ ਜਾਵੇਗਾ ਅਤੇ ਭਵਿੱਖ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।