ਜਦੋਂ ਸ . ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਸੁਮੇਧ ਸੈਣੀ , ਗੁਰਮੀਤ ਰਾਮ ਰਹੀਮ ਦੀ ਦੋਸ਼ੀਆਂ ਵੱਜੋਂ ਪਹਿਚਾਣ ਹੋ ਚੁੱਕੀ ਹੈ , ਤਾਂ ਇਨ੍ਹਾਂ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ : ਮਾਨ
ਜੈਤੋ, 8 ਅਗਸਤ ( ਰਘੂਨਦੰਨ ਪਰਾਸ਼ਰ ) ਬਰਗਾੜੀ ਮੋਰਚੇ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ, ਇਕੱਠ ਹਜ਼ਾਰ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ। ਇੱਕਠ ਦੌਰਾਨ ਖ਼ਾਲਿਸਤਾਨ ਜ਼ਿੰਦਾਬਾਦ ਨਾਹਰੇ ਗੂੰਜੇ। ਜਿਸ ਵਿਚ ਮੋਰਚੇ ਦੀ ਅਗਲੀ ਰੂਪ ਰੇਖਾ ਅਤੇ ਵਿਉਂਤਬੰਦੀ ਬਾਰੇ ਵੱਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਸਿੱਖ ਆਗੂਆਂ ਚਰਚਾ ਕੀਤੀ। ਵੱਖ ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਿਰਸੇ ਵਾਲੇ ਡੇਰੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਰਚੀ ਵੱਡੀ ਸਾਜ਼ਿਸ ਅਨੁਸਾਰ ਉਨ੍ਹਾਂ ਦੇ ਚੇਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜਕੇ ਰੂੜੀਆ , ਨਾਲੀਆ ਵਿਚ ਖਿਲਾਰਕੇ ਅਪਮਾਨ ਕਰਦੇ ਹੋਏ ਸਿੱਖ ਮਨਾਂ ਨੂੰ ਗਹਿਰਾ ਦੁੱਖ ਪਹੁੰਚਾਇਆ ਸੀ । ਉਸ ਸਮੇਂ ਤੋਂ ਹੀ ਸਿੱਖ ਕੌਮ ਦੇ ਮਨ ਆਤਮਾਵਾਂ ਵਲੂੰਧਰੀਆਂ ਪਈਆਂ ਹਨ । ਕਿਉਂਕਿ ਸਮੇਂ – ਸਮੇਂ ਦੀਆਂ ਸਰਕਾਰਾਂ , ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਸਿੱਖ ਕੌਮ ਨੂੰ ਇਨਸਾਫ ਦੇਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਕੋਈ ਅਮਲ ਨਹੀਂ ਕੀਤਾ । ਜਦੋਂ ਇਸ ਇਨਸਾਫ ਪ੍ਰਾਪਤੀ ਲਈ ਸਿੱਖ ਕੌਮ ਵੱਲੋਂ ਬਹਿਬਲ ਕਲਾਂ ਵਿਖੇ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਰੋਸ਼ ਇਕੱਤਰਤਾ ਕੀਤੀ ਗਈ ਤਾਂ ਉਸ ਸਮੇਂ ਦੀ ਬਾਦਲ ਸਰਕਾਰ ਅਤੇ ਡੀਜੀਪੀ ਪੰਜਾਬ ਸੁਮੇਧ ਸੈਣੀ , ਪਰਮਰਾਜ ਸਿੰਘ ਉਮਰਾਨੰਗਲ ਅਤੇ ਹੋਰ ਕਈ ਪੁਲਿਸ ਅਧਿਕਾਰੀਆਂ ਵੱਲੋਂ ਗੋਲੀ ਚਲਾਕੇ ਦੋ ਸਿੱਖ ਨੌਜ਼ਵਾਨਾਂ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਅਨੇਕਾਂ ਨੂੰ ਜਖ਼ਮੀ । ਉਸ ਸਮੇਂ ਤੋਂ ਹੀ ਸਿੱਖ ਕੌਮ ਸਿਰਸੇ ਵਾਲੇ ਡੇਰੇ ਦੇ ਮੁੱਖੀ , ਦੋਸ਼ੀ ਉਸਦੇ ਚੇਲਿਆ , ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਸਾਜ਼ਿਸ ਰਚਨ ਵਾਲੇ ਸਿਆਸਤਦਾਨਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੀ ਆ ਰਹੀ ਹੈ । ਜਦੋਂ ਬਣਨ ਵਾਲੀਆ ਸਿਟ ਕਮੇਟੀਆ ਦੀ ਜਾਂਚ ਰਿਪੋਰਟ ਵਿਚ ਸ . ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਸੁਮੇਧ ਸੈਣੀ , ਪਰਮਰਾਜ ਸਿੰਘ ਉਮਰਾਨੰਗਲ ਅਤੇ ਸਿਰਸੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਨਾਮ ਦੋਸ਼ੀਆਂ ਦੀ ਸੂਚੀ ਵਿਚ ਸਾਹਮਣੇ ਆ ਚੁੱਕੇ ਹਨ ਅਤੇ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ , ਫਿਰ ਪੰਜਾਬ ਸਰਕਾਰ ਇਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ? ਇਸ ਵਿਸ਼ੇ ‘ ਤੇ ਨਾ ਤਾਂ ਅਦਾਲਤਾਂ , ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਉਸਾਰੂ ਅਮਲ ਹੋਇਆ । ਬਲਕਿ ਇਸ ਦੁੱਖਦਾਇਕ ਕਾਂਡ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਅਤੇ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਜੋ ਉਪਰੋਕਤ ਚੋਟਾਲਾ ਪਰਿਵਾਰ ਦੇ ਨਜ਼ਦੀਕੀ ਹਨ , ਉਨ੍ਹਾਂ ਦੇ ਨਾਮ ਦੋਸ਼ ਸੂਚੀ ਵਿਚ ਆ ਰਹੇ ਸਨ । ਪੰਜਾਬ ਸਰਕਾਰ ਨੂੰ ਹੋਂਦ ਵਿਚ ਆਇਆ ਸਾਢੇ ਚਾਰ ਸਾਲ ਦਾ ਸਮਾਂ ਬੀਤ ਗਿਆ ਹੈ , ਕੋਈ ਇਕ ਵੀ ਦੋਸ਼ੀ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਦੀਆਂ ਆਤਮਾਵਾਂ ਬੁਰੀ ਤਰ੍ਹਾਂ ਵਲੂੰਧਰੀਆ ਪਈਆ ਹਨ ਅਤੇ ਵੱਡੇ ਰੋਹ ਵਿਚ ਹਨ ।
ਇਹ ਵਿਚਾਰ ਸ . ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਨੇ ਅੱਜ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੇ ਮੁੱਦੇ ਉਤੇ ਰੱਖੇ ਪੰਥਕ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਇਸ ਸੰਬੰਧ ਵਿਚ ਸਿੱਖ ਕੌਮ ਦੀਆਂ ਆਤਮਾਵਾਂ ਦੇ ਵੱਡੇ ਦੁੱਖ ਨੂੰ ਦੂਰ ਕਰਨ ਲਈ ਪਹਿਲੀ ਬਾਦਲ ਸਰਕਾਰ , ਅਜੋਕੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋਈ ਵੀ ਸੰਜ਼ੀਦਗੀ ਨਾਲ ਅਮਲ ਨਹੀਂ ਕੀਤਾ । ਜਿਸਦੀ ਬਦੌਲਤ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ ਵਿਚ ਪੰਜਾਬ ਦੇ ਹੁਕਮਰਾਨਾਂ , ਸਿਆਸਤਦਾਨਾਂ ਤੇ ਦੋਸ਼ੀ ਅਫ਼ਸਰਸ਼ਾਹੀ ਵਿਰੁੱਧ ਬਹੁਤ ਵੱਡਾ ਰੋਹ ਹੈ । ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਮੁੱਦੇ ਉਤੇ ਬੀਤੇ 6 ਸਾਲਾ ਤੋਂ ਧੋਖੇ ਫਰੇਬ ਤਾਂ ਹੋ ਰਹੇ ਹਨ , ਪਰ ਇਨਸਾਫ ਨਹੀਂ ਦਿੱਤਾ ਜਾ ਰਿਹਾ । ਇਸ ਸੰਬੰਧ ਵਿਚ ਜੋ 1 ਜੂਨ 2018 ਤੋਂ ਲੈਕੇ 29 ਦਸੰਬਰ 2018 ਤੱਕ ਬਰਗਾੜੀ ਵਿਖੇ ਵੱਡੇ ਇਕੱਠਾਂ ਰਾਹੀ ਕਾਮਯਾਬ ਮੋਰਚਾ ਚੱਲਦਾ ਰਿਹਾ , ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਦੋ ਵਜ਼ੀਰ ਸ . ਤ੍ਰਿਪਤਰਜਿੰਦਰ ਸਿੰਘ ਬਾਜਵਾ , ਸ . ਸੁਖਜਿੰਦਰ ਸਿੰਘ ਰੰਧਾਵਾ ਅਤੇ 4 ਵਿਧਾਇਕਾਂ ਨੂੰ ਬਰਗਾੜੀ ਮੋਰਚੇ ਵਿਚ ਭੇਜਿਆ ਸੀ । ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੀ ਲੱਖਾਂ ਦੀ ਗਿਣਤੀ ਦੀ ਹਜਾਰੀ ਵਿਚ ਮੁੱਖ ਮੰਤਰੀ ਦੇ ਬਿਨ੍ਹਾਂ ਤੇ ਇਹ ਬਚਨ ਕੀਤਾ ਸੀ ਕਿ ਅਸੀਂ ਜਲਦੀ ਹੀ ਬਰਗਾੜੀ , ਬੁਰਜ ਜਵਾਹਰ ਸਿੰਘ ਵਾਲਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਂਗੇ , ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਜੇਲਾਂ ਵਿਚ ਬੰਦ ਕਰਾਂਗੇ ਅਤੇ ਜਿਨ੍ਹਾਂ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਰਿਹਾਅ ਕਰਨ , ਜੋ ਸਿੱਖ ਕੈਦੀ ਬਾਹਰਲੇ ਸੂਬਿਆਂ ਦੀਆਂ ਜੇਲਾਂ ਵਿਚ ਹਨ , ਉਨ੍ਹਾਂ ਨੂੰ ਜੇਲੂ ਤਬਦੀਲ ਕਰਕੇ ਪੰਜਾਬ ਵਿਚ ਲਿਆਉਣ ਦੇ ਬਚਨ ਕੀਤੇ ਸਨ । ਜੋ ਕਿ ਅਜੇ ਤੱਕ ਪੂਰੇ ਨਹੀਂ ਕੀਤੇ ਗਏ । ਜਦੋਂ ਪੰਜਾਬ ਦੀ ਮੌਜੂਦਾ ਹਕੂਮਤ ਨੇ ਸਿੱਖ ਕੌਮ ਨਾਲ ਕੀਤੇ ਬਚਨ ਤੋਂ ਮੂੰਹ ਮੋੜ ਲਿਆ , ਤਾਂ ਅਸੀਂ 01 ਜੁਲਾਈ 2021 ਤੋਂ ਬਰਗਾੜੀ ਦੇ ਸਥਾਨ ਤੇ ਦੁਆਰਾ ਮੋਰਚਾ ਸ਼ੁਰੂ ਕਰਨ ਲਈ ਇਕੱਤਰ ਹੋਏ ਸੀ । ਜੋ ਕਿ ਸਾਡਾ ਵਿਧਾਨਿਕ , ਜਮਹੂਰੀਅਤ ਪੱਖੀ ਹੱਕ ਹੈ , ਉਸ ਅਨੁਸਾਰ ਅਸੀਂ ਆਪਣਾ ਰੋਸ਼ ਪ੍ਰਗਟਾਉਣ ਜਾ ਰਹੇ ਸੀ , ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਜ਼ਬਰੀ ਦਾਸ ਸਮੇਤ ਸਮੁੱਚੀ ਪਾਰਟੀ ਦੇ ਅਹੁਦੇਦਾਰਾਂ ਨੂੰ ਉਥੇ ਜ਼ਬਰੀ ਘੇਰਕੇ ਵਿਧਾਨ ਦੀ ਧਾਰਾ 14 , 19 , 21 ਦਾ ਉਲੰਘਣ ਕਰਦੇ ਹੋਏ ਕੋਵਿਡ -19 ਦਾ ਬਹਾਨਾ ਬਣਾਕੇ ਸਾਡੀ ਸਾਰਿਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ ਅਤੇ ਸਾਡੇ ਇਕੱਠ ਉਤੇ ਰੋਕ ਲਗਾ ਦਿੱਤੀ ਗਈ ਸੀ । ਸਾਡੇ ਵਿਧਾਨਿਕ ਅਤੇ ਜਮਹੂਰੀ ਹੱਕਾਂ ਨੂੰ ਕੁਚਲਣ ਵਾਲੀ ਅਫ਼ਸਰਸ਼ਾਹੀ ਤੇ ਸਰਕਾਰ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਨ ਦੀ ਜੋਰਦਾਰ ਮੰਗ ਕਰਦੇ ਹਾਂ । ਇੰਡੀਆਂ ਦੀ ਮੋਦੀ ਮੁਤੱਸਵੀ ਹਕੂਮਤ ਨੇ ਸਾਡੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਹਰਿਦੁਆਰ ਵਿਖੇ ਸਦੀਆਂ ਤੋਂ ਸਥਾਪਿਤ ਗੁਰਦੁਆਰਾ ਗਿਆਨ ਗੋਦੜੀ ਨੂੰ ਜ਼ਬਰੀ ਢਾਹਕੇ ਉਥੇ ਦਫ਼ਤਰ ਬਣਾ ਦਿੱਤੇ ਹਨ । ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਉੜੀਸਾ ਦੇ ਜਗਨਨਾਥਪੁਰੀ ਦੇ ਗੁਰੂਘਰ ਮੰਗੂ ਮੱਠ ਨੂੰ ਵੀ ਜ਼ਬਰੀ ਵਾਹ ਦਿੱਤਾ ਹੈ । ਸਿੱਕਮ ਵਿਚ ਜਿਥੇ । ਗੁਰੂ ਨਾਨਕ ਸਾਹਿਬ ਗਏ ਸਨ ਜਿਸ ਗੁਰੂਘਰ ਦਾ ਨਾਮ ਡਾਂਗਮਾਰ ਸਾਹਿਬ ਹੈ , ਉਸਨੂੰ ਵੀ ਖਤਮ ਕਰ ਦਿੱਤਾ ਹੈ । ਇੰਦੌਰ ਦੇ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਬੀਜੇਪੀ ਹਕੂਮਤ ਵੱਲੋਂ ਢਹਿ – ਢੇਰੀ ਕੀਤਾ ਗਿਆ । ਇਸੇ ਤਰ੍ਹਾਂ ਕਸ਼ਮੀਰ ਦੇ ਜੰਮੂ – ਬਾਰਾਮੂਲਾ ਰੋਡ ਤੇ ਸਥਿਤ ਇਤਿਹਾਸਿਕ ਗੁਰੂਘਰ ਨੂੰ ਵੀ ਸੜਕ ਬਣਾਉਣ ਦਾ ਬਹਾਨਾ ਬਣਾਕੇ ਢਹਿ ਢੇਰੀ ਕਰ ਦਿੱਤਾ ਗਿਆ ਹੈ । ਇਸੇ ਤਰ੍ਹਾਂ ਦਿੱਲੀ ਦੇ ਤੁਗਲਕਾਬਾਦ ਵਿਖੇ ਭਗਤ ਰਵੀਦਾਸ ਜੀ ਨਾਲ ਸੰਬੰਧਤ ਗੁਰੂਘਰ ਨੂੰ ਦਿੱਲੀ ਡਿਵੈਲਪਮੈਂਟ ਅਥਾਰਟੀ ( ਡੀਡੀਏ ) ਨੇ ਢਾਹਕੇ ਸਿੱਖ ਮਨਾਂ ਨੂੰ ਵਲੂੰਧਰਿਆ ਹੈ । ਇਸੇ ਤਰ੍ਹਾਂ 31 ਜਨਵਰੀ 2017 ਨੂੰ ਬਠਿੰਡਾ ਜ਼ਿਲ੍ਹੇ ਦੇ ਮੌੜ ਵਿਖੇ ਜੋ ਸਾਜ਼ਸੀ ਢੰਗ ਨਾਲ ਬੰਬ ਬਲਾਸਟ ਹੋਇਆ ਸੀ , ਜਿਸ ਵਿਚ 7 ਮੌਤਾਂ ਹੋ ਗਈਆ ਸਨ ਅਤੇ 13 ਜਖਮੀ ਹੋ ਗਏ ਸਨ , ਉਸ ਸੰਬੰਧੀ ਵੀ ਦੋਸ਼ੀਆਂ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਸਾਨੂੰ ਇਨਸਾਫ ਦਿੱਤਾ ਗਿਆ ਹੈ । ਇਸਦੀਆਂ ਪੈੜਾਂ ਵੀ ਸਿਰਸੇ ਵਾਲੇ ਰਾਮ ਰਹੀਮ ਦੇ ਡੇਰੇ ਵੱਲ ਜਾਂਦੀਆ ਹਨ । ਉਪਰੋਕਤ ਗੁਰੂਘਰਾਂ ਨੂੰ ਢਹਿ – ਢੇਰੀ ਕਰਨ ਸਮੇਂ ਸਿੱਖ ਕੌਮ ਵਿਚ ਬਹੁਤ ਵੱਡਾ ਰੋਹ ਸਾਹਮਣੇ ਆਇਆ | ਪਰ ਪੰਜਾਬ ਵਿਚ ਸਮੇਂ – ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਦਿਸ਼ਾ ਵੱਲ ਸੈਂਟਰ ਦੀਆਂ ਹਕੂਮਤਾਂ ਦੇ ਇਨ੍ਹਾਂ ਸਿੱਖ ਵਿਰੋਧੀ ਕਾਰਵਾਈਆ ਵਿਰੁੱਧ ਨਾ ਤਾਂ ਕੋਈ ਰੋਸ ਦਰਜ ਕੀਤਾ ਗਿਆ ਅਤੇ ਨਾ ਹੀ ਕੋਈ ਰੋਸ ਪੱਤਰ ਲਿਖੇ ਗਏ । 2001 ਵਿਚ ਅਫਗਾਨੀਸਤਾਨ ਦੇ ਬਾਮੀਆ ਵੈਲੀ ਵਿਖੇ ਬੁੱਧ ਦੀਆਂ ਮੂਰਤੀਆਂ ਨੂੰ ਉਥੋਂ ਦੇ ਤਾਲਿਬਾਨਾਂ ਵੱਲੋਂ ਤੋੜ ਦਿੱਤਾ ਗਿਆ ਸੀ , ਜੋ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ , ਸ੍ਰੀ ਦਰਬਾਰ ਸਾਹਿਬ , ਸੀ ਬਾਬਰੀ ਮਸਜਿਦ ਅਤੇ ਇਸਾਈ ਕੌਮ ਦੀਆਂ ਚਰਚਾਂ ਉਤੇ ਹਮਲੇ ਕਰਕੇ ਢਹਿ – ਢੇਰੀ ਕਰਨ ਦੀ ਬਦੌਲਤ ਹੀ ਹੋਇਆ ਸੀ । ਇਸੇ ਤਰ੍ਹਾਂ ਬੀਤੇ ਦਿਨੀਂ ਅਫਗਾਨੀਸਤਾਨ ਦੇ ਪਕਟੀਆ ਸੂਬੇ ਵਿਚ ਚਮਕਾਨੀ ਖੇਤਰ ਦੇ ਗੁਰੂਘਰ ਥਾਲਾ ਸਾਹਿਬ ਦੇ ਸ੍ਰੀ ਨਿਸ਼ਾਨ ਸਾਹਿਬ ਨੂੰ ਉਤਾਰ ਦਿੱਤਾ ਗਿਆ ਹੈ । ਜਿਸਦਾ ਦੋਸ਼ ਤਾਲਿਬਾਨਾਂ ਉਤੇ ਲਗਾਇਆ ਗਿਆ ਹੈ , ਜਦੋਂਕਿ ਤਾਲਿਬਾਨ ਜਥੇਬੰਦੀ ਨੇ ਅਜਿਹੀ 2 ਕਾਰਵਾਈ ਤੋਂ ਸਪੱਸਟ ਰੂਪ ਵਿਚ ਇਨਕਾਰ ਕਰ ਦਿੱਤਾ ਹੈ । ਫਿਰ ਇਸ ਵਿਸ਼ੇ ਤੇ ਸ੍ਰੀ ਮੋਦੀ ਨੂੰ ਅਫਗਾਨੀਸਤਾਨ ਦੇ ਆਪਣੇ ਸਵੀਰ ਨੂੰ ਸੱਦਣਾ ਬਣਦਾ ਹੈ , ਜਿਵੇ ਪਾਕਿਸਤਾਨ ਦੇ ਸਫੀਰ ਨੂੰ ਸੱਦਿਆ ਗਿਆ ਸੀ । 25 ਮਾਰਚ 2020 ਨੂੰ ਅਫਗਾਨੀਸਤਾਨ ਦੇ ਕਾਬਲ ਦੇ ਗੁਰੂਘਰ ਵਿਖੇ ਹੋਏ ਹਮਲੇ ਦੌਰਾਨ 25 ਸਿੱਖ ਮਾਰੇ ਗਏ ਸਨ । ਇਸੇ ਤਰ੍ਹਾਂ ਇਰਾਕ ਦੇ ਗੁਰੂਘਰ ਵਿਚ ਆਈ.ਐਸ.ਆਈ.ਐਸ. ਨੇ ਜੋ ਹਮਲਾ ਕੀਤਾ , ਉਸ ਵਿਚ 37 ਸਿੱਖ ਮਾਰੇ ਗਏ ਸਨ । ਇਸ ਵਿਸੇ ਤੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਨੇ ਕੋਈ ਅਮਲ ਨਹੀਂ ਕੀਤਾ , ਜਿਵੇਂ ਇਹ ਸਿੱਖ ਇੰਡੀਆ ਦੇ ਨਾਗਰਿਕ ਨਾ ਹੋਣ । ਫਿਰ ਤਾਲਿਬਾਨ , ਆਈ.ਐਸ.ਆਈ.ਐਸ. ਅਤੇ ਇਨ੍ਹਾਂ ਮਸਜਿਦਾਂ , ਚਰਚਾਂ , ਗੁਰੂਘਰਾਂ ਉਤੇ ਹਮਲਾ ਕਰਨ ਵਾਲੀਆ ਹਿੰਦੂਤਵ ਜਮਾਤਾਂ ਵਿਚ ਕੀ ਫਰਕ ਰਹਿ ਗਿਆ ਹੈ ? ਜਿਵੇਂ ਤਾਲਿਬਾਨ ਅਤੇ ਆਈ.ਐਸ.ਆਈ.ਐਸ , ਤਾਨਾਸ਼ਾਹੀ ਸੋਚ ਅਧੀਨ ਜ਼ਬਰ ਜੁਲਮ ਕਰਦੇ ਹੋਏ ਕੌਮਾਂਤਰੀ ਜਮਹੂਰੀ ਪੱਖੀ ਕਾਨੂੰਨਾਂ ਦਾ ਘੋਰ ਉਲੰਘਣ ਕਰਦੇ ਆ ਰਹੇ ਹਨ , ਉਸੇ ਤਰ੍ਹਾਂ ਹਿੰਦੂਤਵ ਹੁਕਮਰਾਨ ਸਿੱਖ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾਂ ਬਣਾਕੇ ਢਹਿ – ਢੇਰੀ ਕਰਨ ਲਈ ਕੌਮਾਂਤਰੀ ਕਾਨੂੰਨਾਂ ਦੇ ਦੋਸ਼ੀ ਹਨ । ਜਿਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ । ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ , ਸਾਡਾ ਇਹ ਕੌਮੀ ਮੋਰਚਾ ਨਿਰੰਤਰ ਜਾਰੀ ਰਹੇਗਾ । ਇਥੋਂ ਤੱਕ ਜੋ ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਹਕੂਮਤ ਨੇ ਫੈਰਾਖ ਦਿਲੀ ਨਾਲ ਸਾਡੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂਘਰਾਂ ਦੇ ਦਰਸ਼ਨਾਂ ਲਈ ਲਾਂਘਾ ਖੋਲਿਆ ਸੀ ਤਾਂ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਕੋਵਿਡ ਦਾ ਬਹਾਨਾ ਬਣਾਕੇ ਲੰਮੇ ਸਮੇਂ ਤੋਂ ਇਹ ਬੰਦ ਕੀਤਾ ਹੋਇਆ ਹੈ । ਜਦੋਂਕਿ ਸਿੱਖ ਕੌਮ ਦੇ ਗੁਰੂਘਰਾਂ ਦੇ ਦਰਸ਼ਨ – ਦੀਦਾਰੇ ਕਰਨ ਤੋਂ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਸਿੱਖ ਕੌਮ ਉਤੇ ਰੋਕ ਨਹੀਂ ਲਗਾ ਸਕਦੀ । ਇੰਡੀਆ ਦੀ ਮੋਦੀ ਹਕੂਮਤ ਵੱਲੋਂ ਸਾਡੇ ਮਹਾਨ ਦਿਹਾੜਿਆ ਉਤੇ ਪਾਕਿਸਤਾਨ ਵਿਖੇ ਜਾਣ ਵਾਲੇ ਯਾਤਰੂਆਂ ਦੇ ਜਥੇ ਉਤੇ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾਕੇ ਰੋਕ ਲਗਾ ਦਿੱਤੀ ਜਾਂਦੀ ਹੈ , ਜੋ ਸਾਡੀ ਧਾਰਮਿਕ ਆਜ਼ਾਦੀ ਤੇ ਸਿੱਧਾ ਹਮਲਾ ਹੈ । ਜੇਕਰ ਪਾਕਿਸਤਾਨ ਹਕੂਮਤ ਵੱਲੋਂ ਸਾਡੀਆਂ ਯਾਤਰਾਵਾ ਉਤੇ ਕੋਈ ਰੋਕ ਲਗਾਈ ਗਈ ਹੈ , ਉਸ ਲਈ ਅਸੀਂ ਜਨਾਬ ਇਮਰਾਨ ਖਾਨ ਹਕੂਮਤ ਨੂੰ ਤੁਰੰਤ ਅਜਿਹੀ ਪਾਬੰਦੀ ਨੂੰ ਖਤਮ ਕਰਨ ਦੀ ਅਪੀਲ ਕਰਦੇ ਹਾਂ । ਜਦੋਂਕਿ ਪ੍ਰਬੰਧ ਅਜਿਹਾ ਹੋਣਾ ਚਾਹੀਦਾ ਹੈ ਕਿ ਜਿੰਨੀ ਵੀ ਗਿਣਤੀ ਵਿਚ ਸਿੱਖ ਆਪਣੇ ਪਾਕਿਸਤਾਨ ਵਿਖੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ – ਦੀਦਾਰੇ ਕਰਨ ਲਈ ਜਾਣਾ ਚਾਹੁੰਣ , ਤਾਂ ਉਨ੍ਹਾਂ ਨੂੰ ਇੰਡੀਆ ਹਕੂਮਤ ਵੱਲੋਂ ਅਤੇ ਪਾਕਿਸਤਾਨ ਹਕੂਮਤ ਵੱਲੋਂ ਫਰੀ ਵੀਜੇ ਦੀ ਸਹੂਲਤ ਪ੍ਰਦਾਨ ਕਰਕੇ ਸਿੱਖ ਸਰਧਾਲੂਆਂ ਦੇ ਜਥੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ । ਇਹ ਹੋਰ ਵੀ ਦੁੱਖ ਵਾਲੇ ਅਮਲ ਹਨ ਕਿ ਨਾ ਤਾਂ ਬਾਦਲ ਦਲ ਨੇ ਅਤੇ ਨਾ ਹੀ ਪੰਜਾਬ ਦੀ ਮੌਜੂਦਾ ਕਾਂਗਰਸ ਹਕੂਮਤ ਨੇ ਇਹ ਲਾਘਾ ਫਿਰ ਤੋਂ ਨਿਰੰਤਰ ਤੌਰ ਤੇ ਖੁੱਲ੍ਹਵਾਉਣ ਲਈ ਕੋਈ ਅਮਲ ਕੀਤਾ ਅਤੇ ਨਾ ਹੀ ਸੈਂਟਰ ਦੀ ਹਕੂਮਤ ਨੂੰ ਇਸ ਸੰਬੰਧੀ ਇਨ੍ਹਾਂ ਵੱਲੋਂ ਪੱਤਰ ਲਿਖੇ ਗਏ । ਜਿਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਭਾਵੇ ਬਾਦਲ ਦਲੀਏ ਹੋਣ , ਭਾਵੇ ਕਾਂਗਰਸ , ਭਾਵੇ ਬੀਜੇਪੀ ਆਰ.ਐਸ.ਐਸ , ਆਮ ਆਦਮੀ ਪਾਰਟੀ ਸਿੱਖ ਵਿਰੋਧੀ ਕਾਰਵਾਈਆਂ ਵਿਚ ਇਹ ਸਭ ਸੈਂਟਰ ਦੇ ਹੁਕਮਰਾਨਾਂ ਦੇ ਗੁਲਾਮ ਬਣੇ ਨਜ਼ਰ ਆਉਂਦੇ ਹਨ । ਸਾਡੀ ਧਾਰਮਿਕ ਆਜ਼ਾਦੀ ਤਾਨਾਸਾਹੀ ਤੇ ਮੁਤੱਸਵੀ ਸੋਚ ਅਧੀਨ ਖੋਹ ਲਈ ਗਈ ਹੈ । ਜੋ ਉਨ੍ਹਾਂ ਦੀਆਂ ਸਾਜ਼ਿਸਾਂ ਨੂੰ ਨੇਪਰੇ ਚਾੜ੍ਹਕੇ ਖੁਸ਼ੀ ਮਹਿਸੂਸ ਕਰਦੇ ਹਨ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁਣ ਇਨ੍ਹਾਂ ਦੇ ਕਿਸੇ ਤਰ੍ਹਾਂ ਦੇ ਵੀ ਸਬਜਬਾਗ ਦਿਖਾਉਣ ਵਾਲੇ ਲਾਰਿਆ ਤੇ ਨਾਅਰਿਆ ਦੀ ਸਿਆਸਤ ਵਿਚ ਨਹੀਂ ਉਲਝਣਾ ਚਾਹੀਦਾ । ਬਲਕਿ ਆਉਣ ਵਾਲੇ ਸਮੇਂ ਵਿਚ ਸਮੁੱਚੇ ਪੰਜਾਬ ਸੂਬੇ , ਪੰਜਾਬੀਆ ਅਤੇ ਸਿੱਖ ਕੌਮ ਦੀ ਹਰ ਪੱਖੋਂ ਬਿਹਤਰੀ ਅਤੇ ਵਿਕਾਸ ਲਈ ਪੰਜਾਬ ਦੇ ਅਸਲ ਵਾਰਿਸ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਅਤੇ ਹਮਖਿਆਲ ਸਖਸ਼ੀਅਤਾਂ ਨੂੰ ਸਹਿਯੋਗ ਦੇ ਕੇ ਨਿਰੋਲ ਪੰਜਾਬੀਆ ਅਤੇ ਸਿੱਖ ਕੌਮ ਪੱਖੀ ਹਕੂਮਤ ਕਾਇਮ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ , ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਵੀ ਦਿਵਾਈਆ ਜਾ ਸਕਣ ਅਤੇ ਸਮੁੱਚੇ ਪੰਜਾਬ ਨੂੰ ਅਤੇ ਇਥੋਂ ਦੇ ਨਿਵਾਸੀਆਂ ਦੇ ਜੀਵਨ ਨੂੰ ਹਰ ਪੱਖੋ ਬਿਹਤਰ ਬਣਾਉਦੇ ਹੋਏ ਇਥੇ ਸਦਾ ਲਈ ਅਮਨ ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਕਰ ਸਕੀਏ ।