ਛੇੜਛਾੜ ਦਾ ਵਿਰੋਧ ਕਰਨ ‘ਤੇ ਨੌਜਵਾਨ ਨੇ ਔਰਤ ਨੂੰ ਚਲਦੀ ਟਰੇਨ ਵਿੱਚੋਂ ਦਿੱਤਾ ਧੱਕਾ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ)-ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬੀਤੀ ਦੇਰ ਰਾਤ ਚੱਲਦੀ ਟਰੇਨ ‘ਚ ਛੇੜਛਾੜ ਦਾ ਵਿਰੋਧ ਕਰਨ ‘ਤੇ ਨੌਜਵਾਨ ਨੇ ਇਕ ਔਰਤ ਨੂੰ ਧੱਕਾ ਦੇ ਕੇ ਚਲਦੀ ਟਰੇਨ ‘ਚੋਂ ਹੇਠਾਂ ਸੁੱਟ ਦਿੱਤਾ। ਜਿਸ ਨਾਲ ਔਰਤ ਦੀ ਮੌਤ ਹੋ ਗਈ। ਇਸ ਦੌਰਾਨ ਨੌਜਵਾਨ ਨੇ ਵੀ ਟਰੇਨ ਤੋਂ ਛਾਲ ਮਾਰ ਦਿੱਤੀ। ਘਟਨਾ ਦੇ ਸਮੇਂ ਔਰਤ ਦਾ 9 ਸਾਲ ਦਾ ਬੇਟਾ ਵੀ ਉਸ ਦੇ ਨਾਲ ਸੀ।
ਮ੍ਰਿਤਕ ਔਰਤ ਦੀ ਪਛਾਣ ਮਨਦੀਪ ਕੌਰ (30) ਵਜੋਂ ਹੋਈ ਹੈ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੌਜਵਾਨ ਸੰਦੀਪ ਵਾਸੀ ਪਿੰਡ ਕਲਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਰਾਤ ਨੂੰ ਉਸ ਨੂੰ ਹਸਪਤਾਲ ਲੈ ਗਈ ਸੀ ਪਰ ਉਦੋਂ ਉਸ ਦੀ ਇਸ ਹਰਕਤ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ।ਦੱਸਿਆ ਜਾਂਦਾ ਹੈ ਕਿ ਮਹਿਲਾ ਮਨਦੀਪ ਕੌਰ ਰੋਹਤਕ ਦੇ ਕਰੰਥੀ ਪਿੰਡ ਵਿੱਚ ਆਪਣੇ ਪੇਕੇ ਘਰ ਤੋਂ ਰੇਲਗੱਡੀ ਵਿੱਚ ਆਪਣੇ ਸਹੁਰੇ ਘਰ ਆ ਰਹੀ ਸੀ। ਦੋਸ਼ੀ ਨੌਜਵਾਨ ਨਰਵਾਣਾ ਤੋਂ ਟਰੇਨ ‘ਚ ਸਵਾਰ ਹੋਇਆ ਸੀ ਅਤੇ ਔਰਤ ਨੂੰ ਟਰੇਨ ‘ਚ ਇਕੱਲੀ ਦੇਖ ਕੇ ਉਸ ਨਾਲ ਛੇੜਛਾੜ ਕਰਨ ਲੱਗਾ। ਜਦੋਂ ਮਹਿਲਾ ਨੇ ਵਿਰੋਧ ਕੀਤਾ ਤਾਂ ਗੁੱਸੇ ‘ਚ ਆਏ ਨੌਜਵਾਨ ਨੇ ਉਸ ਨੂੰ ਚਲਦੀ ਟਰੇਨ ਤੋਂ ਧੱਕਾ ਦੇ ਦਿੱਤਾ।
ਮ੍ਰਿਤਕ ਮਨਦੀਪ ਕੌਰ ਦੇ ਪਤੀ ਹਰਜਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਕੁਝ ਦਿਨਾਂ ਤੋਂ ਰੋਹਤਕ ਦੇ ਕਰੰਥੀ ਪਿੰਡ ਸਥਿਤ ਆਪਣੇ ਪੇਕੇ ਘਰ ਗਈ ਹੋਈ ਸੀ। ਕੱਲ੍ਹ ਰਾਤ ਟਰੇਨ ਰਾਹੀਂ ਵਾਪਸ ਟੋਹਾਣਾ ਆ ਰਹੀ ਸੀ। ਇਸ ਦੌਰਾਨ ਟੋਹਾਣਾ ਤੋਂ 15-20 ਕਿਲੋਮੀਟਰ ਪਿੱਛੇ ਧਮਤਾਨ ਸਾਹਿਬ ਸਟੇਸ਼ਨ ’ਤੇ ਪੁੱਜਣ ’ਤੇ ਉਸ ਨੇ ਫੋਨ ਕਰਕੇ ਉਸ ਨੂੰ ਲੈਣ ਲਈ ਟੋਹਾਣਾ ਸਟੇਸ਼ਨ ’ਤੇ ਆਉਣ ਲਈ ਕਿਹਾ। ਹਰਜਿੰਦਰ ਨੇ ਦੱਸਿਆ ਕਿ ਜਦੋਂ ਉਹ ਸਟੇਸ਼ਨ ‘ਤੇ ਇੰਤਜ਼ਾਰ ਕਰ ਰਿਹਾ ਸੀ ਅਤੇ ਟਰੇਨ ਆ ਗਈ ਤਾਂ ਉਸ ਦਾ 9 ਸਾਲਾ ਬੇਟਾ ਰੋਂਦਾ ਹੋਇਆ ਦੇਖਿਆ,ਜਿਸ ਨੇ ਉਕਤ ਘਟਨਾ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮਨਦੀਪ ਕੌਰ ਦੀ ਭਾਲ ਸ਼ੁਰੂ ਕੀਤੀ ਅਤੇ ਸਵੇਰੇ ਉਸਦੀ ਲਾਸ਼ ਮਿਲੀ । ਮੁਲਜ਼ਮਾਂ ਖ਼ਿਲਾਫ਼ ਧਾਰਾ 302,354 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।