ਚੱਕਰਵਾਤੀ ਤੂਫ਼ਾਨ ‘ਰੇਮਲ’ ਨੇ ਪੱਛਮੀ ਬੰਗਾਲ ਵਿੱਚ ਤੇਜ਼ ਰਫ਼ਤਾਰ ਨਾਲ ਕੀਤਾ ਲੈਂਡਫਾਲ ,ਸਮੁੰਦਰ ਵਿੱਚ ਉੱਠੀਆਂ ਉੱਚੀਆਂ ਲਹਿਰਾਂ
ਚੰਡੀਗੜ੍ਹ, 27 ਮਈ(ਵਿਸ਼ਵ ਵਾਰਤਾ)- ਚੱਕਰਵਾਤੀ ਤੂਫ਼ਾਨ ਰੇਮਲ ਨੇ ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰ ਕੈਨਿੰਗ ਵਿੱਚ ਲੈਂਡਫਾਲ ਕੀਤਾ। ਪੱਛਮੀ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਵਿਚਕਾਰ ਹਵਾਵਾਂ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ‘ਤੇ ਪਹੁੰਚ ਗਈਆਂ। ਇੱਥੇ ਭਾਰੀ ਮੀਂਹ ਵੀ ਪਿਆ। ਤੂਫਾਨ ਨੇ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ‘ਚ ਭਾਰੀ ਤਬਾਹੀ ਮਚਾਈ ਹੈ। ਕਈ ਇਲਾਕਿਆਂ ਵਿੱਚ ਦਰੱਖਤ ਉੱਖੜ ਗਏ, ਮਕਾਨ ਢਹਿ ਗਏ, ਬਿਜਲੀ ਦੇ ਖੰਭੇ ਵੀ ਉਖੜ ਗਏ। ਇਸ ਤੋਂ ਇਲਾਵਾ ਸੁੰਦਰਬਨ ਦੇ ਗੋਸਾਬਾ ਇਲਾਕੇ ‘ਚ ਮਲਬੇ ਹੇਠ ਦੱਬਣ ਨਾਲ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਬੰਗਲਾਦੇਸ਼ ਅਤੇ ਨਾਲ ਲੱਗਦੇ ਪੱਛਮੀ ਬੰਗਾਲ ਦੇ ਤੱਟੀ ਖੇਤਰਾਂ ਵਿੱਚ ਇਸ ਦੇ ਲੈਂਡਫਾਲ ਦੀ ਪ੍ਰਕਿਰਿਆ ਰਾਤ ਕਰੀਬ 9 ਵਜੇ ਦੇ ਸ਼ੁਰੂ ਹੋਈ ਅਤੇ ਅਗਲੇ 4 ਘੰਟਿਆਂ ਤੱਕ ਜਾਰੀ ਰਹੀ।