ਚੱਕਰਵਾਤੀ ਤੂਫਾਨ ‘ਦਾਨਾ’ ਓਡੀਸ਼ਾ ਦੇ ਤੱਟ ਨਾਲ ਟਕਰਾਇਆ – 7 ਰਾਜਾਂ ਵਿੱਚ ਦੇਖਣ ਨੂੰ ਮਿਲਿਆ ਅਸਰ
ਹੁਣ ਸਪੀਡ 110 ਤੋਂ ਘਟ ਕੇ ਹੋਈ 10kmph
NDRF ,ODRF ਤੇ ਫਾਇਰ ਬ੍ਰਿਗੇਡ ਦੀਆਂ 288 ਟੀਮਾਂ ਕੀਤੀਆਂ ਗਈਆਂ ਹਨ ਤਾਇਨਾਤ
ਚੰਡੀਗੜ੍ਹ, 25ਅਕਤੂਬਰ(ਵਿਸ਼ਵ ਵਾਰਤਾ)ਬੰਗਾਲ ਦੀ ਖਾੜੀ ਤੋਂ ਉੱਠਿਆ ਚੱਕਰਵਾਤੀ ਤੂਫਾਨ ‘ਦਾਨਾ’ ਵੀਰਵਾਰ ਰਾਤ 12:05 ਵਜੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਓਡੀਸ਼ਾ ਦੇ ਤੱਟ ਨਾਲ ਟਕਰਾ ਗਿਆ। ਤੂਫਾਨ ਦੀ ਲੈਂਡਫਾਲ ਪ੍ਰਕਿਰਿਆ ਖਤਮ ਹੋ ਗਈ। ਤੂਫ਼ਾਨ ਦੀ ਰਫ਼ਤਾਰ ਵੀ 10 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ। ‘ਦਾਨਾ’ ਦੇ ਪ੍ਰਭਾਵ ਕਾਰਨ ਓਡੀਸ਼ਾ ‘ਚ ਲਗਾਤਾਰ ਮੀਂਹ ਪੈ ਰਿਹਾ ਹੈ। ਭਦਰਕ, ਕੇਂਦਰਪਾੜਾ ਵਿੱਚ 30 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਸੀਐਮ ਮਾਝੀ ਨੇ ਕਿਹਾ- 5.84 ਲੱਖ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਕਈ ਇਲਾਕਿਆਂ ‘ਚ ਦਰੱਖਤ ਉੱਖੜ ਗਏ ਅਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਓਡੀਸ਼ਾ ਤੋਂ ਇਲਾਵਾ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਝਾਰਖੰਡ, ਬਿਹਾਰ, ਛੱਤੀਸਗੜ੍ਹ ਅਤੇ ਤਾਮਿਲਨਾਡੂ ‘ਚ ਵੀ ਤੂਫਾਨ ਦਾ ਅਸਰ ਦੇਖਣ ਨੂੰ ਮਿਲਿਆ ਹੈ। ਭੁਵਨੇਸ਼ਵਰ ਅਤੇ ਕੋਲਕਾਤਾ ਹਵਾਈ ਅੱਡਿਆਂ ‘ਤੇ ਵੀਰਵਾਰ ਸ਼ਾਮ 5 ਵਜੇ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੱਕ 300 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਦੱਖਣ ਪੂਰਬੀ ਰੇਲਵੇ, ਈਸਟ ਕੋਸਟ ਰੇਲਵੇ, ਈਸਟਰਨ ਰੇਲਵੇ ਅਤੇ ਸਾਊਥ ਈਸਟ ਸੈਂਟਰਲ ਰੇਲਵੇ ਦੀਆਂ ਕੁੱਲ 552 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਓਡੀਸ਼ਾ ਨੇ ਰਾਸ਼ਟਰੀ ਆਫ਼ਤ ਰਾਹਤ ਬਲ (ਐਨਡੀਆਰਐਫ), ਓਡੀਸ਼ਾ ਡਿਜ਼ਾਸਟਰ ਰਿਲੀਫ਼ ਫੋਰਸ (ਓਡੀਆਰਐਫ) ਅਤੇ ਫਾਇਰ ਬ੍ਰਿਗੇਡ ਦੀਆਂ 288 ਟੀਮਾਂ ਤਾਇਨਾਤ ਕੀਤੀਆਂ ਹਨ।