ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿੱਚ ਮੁਲਜ਼ਮ ਰੰਕਜ ਵਰਮਾ ਦੀ ਜ਼ਮਾਨਤ ਅਰਜ਼ੀ ਤੇ ਫੈਸਲਾ ਅੱਜ
ਗ੍ਰਿਫਤਾਰ ਫੌਜੀ ਸੰਜੀਵ ਸਿੰਘ ਦੀ ਵੀ ਅਦਾਲਤ ਵਿੱਚ ਪੇਸ਼ੀ ਅੱਜ
ਮੋਹਾਲੀ 6 ਅਕਤੂਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿੱਚ ਵਿਦਿਆਰਥਣਾਂ ਦੀ ਵੀਡੀਓ ਲੀਕੀ ਮਾਮਲੇ ਵਿੱਚ ਮੁਲਜ਼ਮ ਰੰਕਜ ਵਰਮਾ ਦੀ ਨਿਯਮਤ ਜ਼ਮਾਨਤ ਅਰਜ਼ੀ ’ਤੇ ਅੱਜ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਅਦਾਲਤ ਨੇ ਪਿਛਲੀ ਸੁਣਵਾਈ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੱਸ ਦਈਏ ਕਿ ਮੁਲਜ਼ਮ ਰੰਕਜ ਵਰਮਾ 18 ਸਤੰਬਰ ਤੋਂ ਪੁਲੀਸ ਹਿਰਾਸਤ ਵਿੱਚ ਹੈ। ਦੂਜੇ ਪਾਸੇ 24 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਤੋਂ ਫੜੇ ਗਏ ਫੌਜੀ ਸੰਜੀਵ ਸਿੰਘ ਨੂੰ ਵੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਦਾ ਰਿਮਾਂਡ 3 ਦਿਨਾਂ ਲਈ ਵਧਾ ਦਿੱਤਾ ਗਿਆ ਸੀ।ਹਾਲਾਂਕਿ ਹੁਣ ਤੱਕ ਕਿਸੇ ਵੀ ਮੁਲਜ਼ਮ ਦੇ ਫ਼ੋਨ ਤੋਂ ਮੁੱਢਲੀ ਜਾਂਚ ਵਿੱਚ ਇਹ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੇ ਕਿਸੇ ਹੋਰ ਵਿਦਿਆਰਥੀ ਦੀ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ ਹੈ। ਮੁਲਜ਼ਮਾਂ ਦੇ ਫ਼ੋਨਾਂ ਸਮੇਤ ਜੰਮੂ ਵਿੱਚ ਫ਼ੌਜੀ ਦੇ ਘਰੋਂ ਬਰਾਮਦ ਹੋਈ ਹਾਰਡ ਡਿਸਕ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।