ਚੰਡੀਗੜ੍ਹ ਦੇ ਸੈਕਟਰ-20 ਵਿੱਚ ਸੜਕ ਵਿਚਾਲੇ ਪਲਟਿਆ ਟਰੱਕ
ਚੰਡੀਗੜ੍ਹ,21 ਸਤੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਅੱਜ ਸਵੇਰੇ ਸੈਕਟਰ-20 ਗੁਰਦੁਆਰਾ ਚੌਕ ਨੇੜੇ ਯੂਪੀ ਨੰਬਰ ਦਾ ਟਰੱਕ ਅਚਾਨਕ ਪਲਟ ਗਿਆ। ਜਦੋਂ ਇਹ ਟਰੱਕ ਪਲਟਿਆ ਤਾਂ ਉਸ ਸਮੇਂ ਸੜਕ ਤੋਂ ਹੋਰ ਵਾਹਨ ਲੰਘ ਰਹੇ ਸਨ। ਸ਼ੁਕਰ ਹੈ ਕਿ ਇਸ ਨਾਲ ਕਿਸੇ ਵੀ ਵਾਹਨ ਦੀ ਟੱਕਰ ਨਹੀਂ ਹੋਈ। ਹਾਦਸੇ ਵਿੱਚ ਟਰੱਕ ਡਰਾਈਵਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਉਹ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਵਾਜਾਈ ਨੂੰ ਕੰਟਰੋਲ ਕੀਤਾ। ਕਰੇਨ ਦੀ ਮਦਦ ਨਾਲ ਟਰੱਕ ਨੂੰ ਬਾਹਰ ਕੱਢਿਆ ਗਿਆ। ਟਰੱਕ ਪਲਟ ਜਾਣ ਕਾਰਨ ਟਰੈਫਿਕ ਪੁਲੀਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਡਰਾਈਵਰ ਦੇ ਬਿਆਨ ਦਰਜ ਕੀਤੇ।
ਜਦਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੈਕਟਰ-20 ‘ਚ ਜਿਸ ਥਾਂ ‘ਤੇ ਇਹ ਟਰੱਕ ਪਲਟਿਆ, ਉਸ ਥਾਂ ਤੋਂ ਕੰਮ ਦੇ ਸਮੇਂ ਦੌਰਾਨ ਸਵੇਰੇ ਬਹੁਤ ਸਾਰੇ ਵਾਹਨ ਲੰਘਦੇ ਹਨ। ਅਜਿਹੇ ‘ਚ ਟਰੱਕ ਪਲਟਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।