ਚੰਡੀਗੜ੍ਹ ਦੇ ਸਕੂਲ ਵਿੱਚ ਵਾਪਰੀ ਦਰਖ਼ਤ ਡਿੱਗਣ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿੱਚ
ਸੁੱਕੇ ਹੋਏ ਅਤੇ ਸਿਉਂਕ ਲੱਗੇ ਦਰਖ਼ਤਾਂ ਦਾ ਸਕੂਲਾਂ ਕੋਲੋਂ ਮੰਗਿਆ ਹਿਸਾਬ
ਚੰਡੀਗੜ੍ਹ,9 ਜੁਲਾਈ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਵਿੱਚ ਵਾਪਰੀ ਦਰਖਤ ਡਿੱਗਣ ਦੀ ਘਟਨਾ,ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ ਹਨ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵੱਲੋਂ ਇਸ ਸੰਬੰਧ ਵਿੱਚ ਸਾਰੇ ਸਕੂਲਾਂ ਨੂੰ ਨੋਟਿਸ ਜਾਰੀ ਕਰਦਿਆਂ ਹੋਇਆਂ ਸੁੱਕੇ ਅਤੇ ਸਿਉਂਕ ਲੱਗੇ ਦਰਖਤਾਂ ਦਾ ਬਿਓਰਾ ਮੰਗਿਆ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ “ਪੰਜਾਬ ਰਾਜ ਵਿੱਚ ਸਕੂਲਾਂ ਵਿੱਚ ਇਮਾਰਤ ਦੇ ਨੇੜੇ, ਗਰਾਊਂਡ/ ਖਾਲੀ ਥਾਵਾਂ ਤੇ ਬਹੁਤ ਰੁੱਖ ਲੱਗੇ ਹੋਏ ਹਨ ਅਤੇ ਬਹੁਤ ਸਾਰੇ ਸਕੂਲਾਂ ਵਿੱਚ ਵਿਦਿਆਰਥੀ ਲੰਚ ਟਾਈਮ ਜਾਂ ਖੇਡਾਂ ਦੇ ਪੀਰੀਅਡ ਵਿੱਚ ਰੁੱਖਾਂ ਥੱਲੇ ਬੈਠਦੇ ਅਤੇ ਖੇਡਦੇ ਹਨ। ਵੇਖਣ ਵਿੱਚ ਆਇਆ ਹੈ ਕਿ ਕਈ ਸਕੂਲਾਂ ਵਿੱਚ ਰੁੱਖਾਂ ਨੂੰ ਸਿਉਕ ਲੱਗੀ ਹੈ ਜਾਂ ਫਿਰ ਬਿਲਕੁਲ ਸੁੱਕ ਚੁੱਕੇ ਹਨ ਅਤੇ ਉਹਨਾਂ ਦੀਆਂ ਟਾਹਈਆਂ / ਰੁੱਖ ਕਿਸੇ ਵੀ ਸਮੇਂ ਹਨੇਰੀ ਚੱਲਣ ਜਾਂ ਕਿਸੇ ਵੀ ਹੋਰ ਕਾਰਣ ਕਰਕੇ ਡਿੱਗ ਸਕਦੇ ਹਨ। ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਲੱਗੇ ਅਜਿਹੇ ਰੁੱਖਾਂ ਸਬੰਧੀ ਸੂਚਨਾ ਤੁਰੰਤ ਇਕੱਠੀ ਕੀਤੀ ਜਾਵੇ । ਜਿੱਥੇ ਵਿਦਿਆਰਥੀਆਂ ਅਤੇ ਇਮਾਰਤ ਦੀ ਸੁਰੱਖਿਆ ਲਈ ਅਜਿਹੇ ਰੁੱਖਾਂ ਨੂੰ ਕਟਵਾਉਣ ਦੀ ਲੋੜ ਹੋਵੇ, ਉਸ ਸਬੰਧੀ ਕਾਰਵਾਈ ਕਰਨ ਲਈ ਵਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਅਤੇ ਯੋਗ ਪ੍ਰਣਾਲੀ ਰਾਹੀਂ ਮੁਕਮੰਲ ਕੇਸ ਮੁੱਖ ਦਫਤਰ ਵਿਖੇ ਭੇਜੇ ਜਾਣ।