ਚੰਡੀਗੜ੍ਹ ‘ਚ UPSC ਪ੍ਰੀਲਿਮਜ਼ ਦੀ ਪ੍ਰੀਖਿਆ ਲਈ ਪਹੁੰਚੇ ਸਨ ਹਜ਼ਾਰਾਂ ਵਿਦਿਆਰਥੀ
ਸੜਕਾਂ ਤੇ ਲੱਗਿਆ ਰਿਹਾ ਜਾਮ
ਚੰਡੀਗੜ੍ਹ, 6ਜੂਨ (ਵਿਸ਼ਵ ਵਾਰਤਾ) ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਲਿਮਜ਼ ਪ੍ਰੀਖਿਆ ਲਈ ਐਤਵਾਰ ਨੂੰ ਹਜ਼ਾਰਾਂ ਵਿਦਿਆਰਥੀ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਦੀ ਸਥਿਤੀ ਵੀ ਦੇਖਣ ਨੂੰ ਮਿਲੀ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਗਈ ਸੀ। ਚੰਡੀਗੜ੍ਹ ਵਿੱਚ ਪ੍ਰੀਖਿਆ ਲਈ 70 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ 10 ਹਜ਼ਾਰ ਤੋਂ ਵੱਧ ਬਿਨੈਕਾਰ ਪ੍ਰੀਖਿਆ ਦੇਣ ਲਈ ਹਾਜ਼ਰ ਹੋਏ। ਪ੍ਰੀਖਿਆ ਦੇਣ ਲਈ ਆਏ ਉਮੀਦਵਾਰਾਂ ਨੂੰ ਸਵੇਰੇ 9.20 ਵਜੇ ਤੱਕ ਪ੍ਰੀਖਿਆ ਕੇਂਦਰਾਂ ਵਿੱਚ ਦਾਖਲਾ ਦਿੱਤਾ ਗਿਆ। ਕੋਰੋਨਾ ਮਹਾਮਾਰੀ ਦੇ ਦੋ ਸਾਲਾਂ ਬਾਅਦ ਪਹਿਲੀ ਵਾਰ ਆਫਲਾਈਨ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਕੋਰੋਨਾ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਦੂਜਾ ਪੇਪਰ ਦੁਪਹਿਰ 2.30 ਤੋਂ 4.30 ਵਜੇ ਤੱਕ ਹੋਇਆ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਨੌਜਵਾਨ ਪੇਪਰ ਦੇਣ ਲਈ ਸ਼ਹਿਰ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਪੁੱਜੇ ਹੋਏ ਸਨ।
ਸ਼ਹਿਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਪਹੁੰਚਣ ਵਾਲੇ ਉਮੀਦਵਾਰਾਂ ਨੂੰ ਫੇਸ ਮਾਸਕ ਅਤੇ ਪਾਣੀ ਲਾਜ਼ਮੀ ਤੌਰ ‘ਤੇ ਲਿਆਉਣ ਲਈ ਕਿਹਾ ਗਿਆ। ਉਮੀਦਵਾਰਾਂ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਉਹ ਪ੍ਰੀਖਿਆ ਦੇਣ ਲਈ ਦੂਜੇ ਰਾਜਾਂ ਤੋਂ ਸ਼ਹਿਰ ਪਹੁੰਚੇ ਸਨ। ਪ੍ਰੀਖਿਆ ਦੇ ਐਡਮਿਟ ਕਾਰਡ ‘ਤੇ ਦਰਜ ਨਿਯਮਾਂ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ‘ਤੇ ਪਾਬੰਦੀ ਸੀ।