ਚੰਡੀਗੜ੍ਹ ‘ਚ ਡਿਫਿਊਜ਼ ਨਹੀਂ ਹੋਇਆ ਸੀਐੱਮ ਰਿਹਾਇਸ਼ ਨੇੜਿਓਂ ਮਿਲਿਆ ਜ਼ਿੰਦਾ ਬੰਬ,ਜਾਂਚ ਤੋਂ ਬਾਅਦ ਆਰਮੀ ਲੈ ਕੇ ਗਈ ਕਿਸੇ ਹੋਰ ਜਗ੍ਹਾ
ਚੰਡੀਗੜ੍ਹ 3 ਜਨਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਹੈਲੀਪੈਡ ਨੇੜੇ ਰਾਜਿੰਦਰਾ ਪਾਰਕ, ਸੈਕਟਰ 2 ਵਿੱਚ ਅੰਬਾਂ ਦੇ ਬਾਗ ਵਿੱਚ ਮਿਲੇ ਬੰਬ ਨੂੰ ਨਕਾਰਾ ਕਰਨ ਲਈ ਫੌਜ ਆਪਣੇ ਨਾਲ ਯੂਨਿਟ ਲੈ ਗਈ ਹੈ। ਫੌਜ ਸਵੇਰੇ ਹੀ ਇੱਥੇ ਪਹੁੰਚ ਗਈ ਸੀ। ਜਿਸ ਤੋਂ ਬਾਅਦ ਬੰਬ ਦੀ ਰੋਬੋਟਿਕ ਜਾਂਚ ਕੀਤੀ ਗਈ। ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਨੂੰ ਇੱਥੇ ਡਿਫਿਊਜ਼ ਕੀਤਾ ਜਾਵੇਗਾ। ਬਾਅਦ ‘ਚ ਫੌਜ ਦੇ ਅਧਿਕਾਰੀਆਂ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫੈਸਲਾ ਬਦਲ ਲਿਆ ਅਤੇ ਬੰਬ ਨੂੰ ਜਿਪਸੀ ‘ਚ ਰੱਖ ਕੇ ਸੁਰੱਖਿਅਤ ਰੂਪ ਨਾਲ ਚੰਡੀਮੰਦਿਰ ਲਈ ਰਵਾਨਾ ਹੋ ਗਏ। ਦੱਸ ਦਈਏ ਕਿ ਬੀਤੇ ਕੱਲ੍ਹ ਦੁਪਹਿਰ ਨੂੰ ਇੱਥੋਂ ਪਾਰਕ ਵਿੱਚੋਂ ਜਿੰਦਾ ਬੰਬ ਮਿਲਿਆ ਸੀ। ਜਿਸ ਤੋਂ ਬਾਅਦ ਫੌਜ ਦੀ ਟੀਮ ਨੂੰ ਬੁਲਾਇਆ ਗਿਆ। ਜਿਸ ਥਾਂ ਤੋਂ ਇਹ ਜਿੰਦਾ ਬੰਬ ਮਿਲਿਆ ਹੈ, ਉਸ ਤੋਂ ਕੁਝ ਦੂਰੀ ‘ਤੇ ਹੈਲੀਪੈਡ ਹੈ। ਜਿੱਥੇ ਦੋਵਾਂ ਮੁੱਖ ਮੰਤਰੀਆਂ ਦੇ ਹੈਲੀਕਾਪਟਰ ਲੈਂਡ ਕਰਦੇ ਹਨ। ਇਸ ਕਾਰਨ ਜਿਉਂਦਾ ਬੰਬ ਮਿਲਦੇ ਹੀ ਚੰਡੀਗੜ੍ਹ ਪੁਲਸ ‘ਚ ਹੜਕੰਪ ਮਚ ਗਿਆ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਤੁਰੰਤ ਮੌਕੇ ‘ਤੇ ਪਹੁੰਚ ਗਏ।