ਚੰਡੀਗੜ੍ਹ ਐੱਸਐੱਸਪੀ ਵਿਵਾਦ – ਪੰਜਾਬ ਦੀ ਇਸ ਐਸਐਸਪੀ ਨੂੰ ਬਣਾਇਆ ਜਾ ਸਕਦਾ ਹੈ ਚੰਡੀਗੜ੍ਹ ਦੀ ਨਵੀਂ ਐੱਸਐੱਸਪੀ
ਚੰਡੀਗੜ੍ਹ 28 ਜਨਵਰੀ(ਵਿਸ਼ਵ ਵਾਰਤਾ) -ਆਈਪੀਐਸ ਕੁਲਦੀਪ ਚਾਹਲ ਨੂੁੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਅਚਾਨਕ ਰਿਲੀਵ ਕੀਤੇ ਜਾਣ ਤੋਂ ਬਾਅਦ ਛਿੜਿਆ ਵਿਵਾਦ ਜਲਦ ਹੀ ਥੰਮ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਨਵੇਂ ਐਸਐਸਪੀ ਦੀ ਨਿਯੁਕਤੀ ਨੂੰ ਲੈ ਕੇ ਰਾਹ ਸਾਫ ਹੋ ਗਿਆ ਹੈ। ਸੀਨੀਅਰ ਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਦੀ ਚੰਡੀਗੜ੍ਹ ਦੀ ਨਵੀਂ ਐਸਐਸਪੀ ਵਜੋਂ ਨਿਯੁਕਤੀ ਹੋ ਸਕਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 13 ਦਸੰਬਰ ਨੂੰ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕਰਦੇ ਹੋਏ ਚੰਡੀਗੜ੍ਹ ਦੇ 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਨੂੰ ਚੰਡੀਗੜ੍ਹ ਐਸਐਸਪੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਤੇ ਐੱਸਐੱਸਪੀ ਟਰੈਫ਼ਿਕ ਵਜੋਂ ਤਾਇਨਾਤ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਦਾ ਵਾਧੂ ਚਾਰਜ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਜਿਕਰਯੋਗ ਹੈ ਕੁਲਦੀਪ ਚਾਹਲ ਨੂੰ ਰਿਲੀਵ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਸਮੇਤ ਵਿਰੋਧੀ ਪਾਰਟੀਆਂ ਨੇ ਵੀ ਕਾਫੀ ਸਵਾਲ ਚੁੱਕੇ ਸਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਆਈਪੀਐਸ ਅਫ਼ਸਰਾਂ ਦਾ ਪੈਨਲ ਮੰਗਿਆ ਗਿਆ ਸੀ। ਪੈਨਲ ਵਿੱਚ ਅਖਿਲ ਚੌਧਰੀ, ਸੰਦੀਪ ਗਰਗ, ਭਾਗੀਰਥ ਮੀਨਾ ਅਤੇ ਕੰਵਰਦੀਪ ਕੌਰ ਸਮੇਤ ਹੋਰ ਆਈਪੀਐਸ ਅਧਿਕਾਰੀਆਂ ਦੇ ਨਾਮ ਹਨ। ਇਹਨਾਂ ਵਿੱਚੋਂ ਐਸਐਸਪੀ ਫਿਰੋਜ਼ਪੁਰ ਵਜੋਂ ਤੈਨਾਤ ਕੰਵਰਦੀਪ ਕੌਰ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ।