ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਡ ਨੇ ਮੁੱਖ ਮੰਤਰੀ ਨੂੰ ਅੰਤ੍ਰਿਮ ਮੁਨਾਫੇ ਦਾ 3.20 ਕਰੋੜ ਰੁਪਏ ਦਾ ਚੈੱਕ ਸੌਂਪਿਆ
ਮੁੱਖ ਮੰਤਰ ਨੇ ਹਵਾਈ ਅੱਡੇ ਦੀ ਪ੍ਰਗਤੀ ਦਾ ਲਿਆ ਜਾਇਜ਼ਾ, ਵਿਕਾਸ ਲਈ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ
ਚੰਡੀਗੜ੍ਹ, 13 ਜੁਲਾਈ (ਵਿਸ਼ਵ ਵਾਰਤਾ):-ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਡ (ਸੀ.ਆਈ.ਏ.ਐਲ.) ਨੇ ਅੱਜ ਏਅਰਪੋਰਟ ਪ੍ਰਾਜੈਕਟ ਵਿਚ ਸੂਬੇ ਦੇ 24.5 ਫੀਸਦੀ ਹਿੱਸੇ ਦੇ ਵਿਰੁੱਧ ਪਹਿਲੇ ਅੰਤ੍ਰਿਮ ਮੁਨਾਫੇ ਦੇ ਰੂਪ ਵਿਚ 3.20 ਕਰੋੜ ਰੁਪਏ ਦਾ ਚੈੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ।
ਇਹ ਚੈੱਕ ਸੀ.ਆਈ.ਏ.ਐਲ. ਦੇ ਸੀ.ਈ.ਓ. ਨੇ ਮੁੱਖ ਮੰਤਰੀ ਨੂੰ ਸੌਂਪਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸੂਬਾ ਸਰਕਾਰ ਅਤੇ ਸੀ.ਆਈ.ਏ.ਐਲ. ਦੇ ਸੀਨੀਅਰ ਅਧਿਕਾਰੀਆਂ ਨਾਲ ਹਵਾਈ ਅੱਡੇ ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਹਵਾਈ ਅੱਡੇ ਦੇ ਵਿਕਾਸ ਨੂੰ ਸਹਿਯੋਗ ਦੇਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਜਿਸ ਨੇ ਟ੍ਰਾਈ-ਸਿਟੀ ਅਤੇ ਮੁਹਾਲੀ ਜ਼ਿਲ੍ਹੇ ਵਿਚ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਲਈ ਮਹਾਨ ਵਾਅਦਾ ਕੀਤਾ ਹੈ।
ਸੀ.ਆਈ.ਏ.ਐਲ. ਦੇ ਸੀ.ਈ.ਓ. ਨੇ ਮੁੱਖ ਮੰਤਰੀ ਨੂੰ ਮੌਜੂਦਾ ਸਮੇਂ ਕਾਰਜਸ਼ੀਲ 25 ਉਡਾਨਾਂ ਬਾਰੇ ਵੀ ਜਾਣੂੰ ਕਰਵਾਇਆ ਜੋ 16 ਟਿਕਾਣਿਆਂ ਨੂੰ ਚੰਡੀਗੜ੍ਹ ਨਾਲ ਜੋੜਦੀਆਂ ਹਨ।
ਮੁੱਖ ਮੰਤਰੀ ਨੇ ਨਵੇਂ ਪੈਸੰਜਰ ਬੋਰਡਿੰਗ ਬ੍ਰਿਜ, 14 ਪਾਰਕਿੰਗ ਬੇਇ ਨਾਲ ਨਵਾਂ ਅਪ੍ਰੋਨ ਅਤੇ ਇਨਲਾਈਨ ਬੈਗੇਜ ਸਿਸਟਮ ਦੇ ਕਾਰਜਸ਼ੀਲ ਹੋਣ ਉਤੇ ਸੰਤੁਸ਼ਟੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਇਸ ਗੱਲ ਉਤੇ ਖੁਸ਼ੀ ਜ਼ਾਹਰ ਕੀਤੀ ਕਿ ਪੈਰਿਸ਼ਏਬਲ ਕਾਰਗੋ ਸੈਂਟਰ ਵਾਲਾ ਇੰਟੇਗ੍ਰੇਟਿਡ ਕਾਰਗੋ ਕੰਪਲੈਕਸ ਮੁਕੰਮਲ ਹੋਣ ਦੇ ਨੇੜੇ ਹੈ ਜੋ ਅਗਸਤ ਤੱਕ ਕਾਰਜਸ਼ੀਲ ਹੋ ਜਾਵੇਗਾ ਜਿਸ ਨਾਲ ਇਸ ਖੇਤਰ ਤੋਂ ਨਾਸ਼ਵਾਨ ਅਤੇ ਗੈਰ-ਨਾਸ਼ਵਾਨ ਵਸਤਾਂ ਦੀ ਦਰਾਮਦ ਨੂੰ ਹੁਲਾਰਾ ਮਿਲੇਗਾ।
ਸੀ.ਈ.ਓ. ਨੇ ਖੁਲਾਸਾ ਕੀਤਾ ਕਿ ਰੱਖਿਆ ਮੰਤਰਾਲੇ ਵੱਲੋਂ ਮਾਮੂਲੀ ਕੰਮਾਂ ਨੂੰ ਨਿਪਟਾਉਣ ਤੋਂ ਬਾਅਦ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਸੀ.ਏ.ਟੀ. II ਆਈ.ਐਲ.ਐਸ. ਸੁਵਿਧਾ ਕਾਰਜਸ਼ੀਲ ਹੋ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਦੱਖਣੀ ਪਾਸੇ ਵਾਲੇ ਟੈਕਸੀ ਟਰੈਕ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਲੋੜੀਦੀਆਂ ਸੁਰੱਖਿਆ ਪ੍ਰਵਾਨਗੀਆਂ ਮਿਲਣ ਤੋਂ ਤੁਰੰਤ ਬਾਅਦ ਛੇਤੀ ਕਾਰਜਸ਼ੀਲ ਹੋਵੇਗਾ। ਇਸ ਨਾਲ ਜਹਾਜ਼ਾਂ ਦਾ ਚਾਲੂ ਸਮਾਂ ਘਟੇਗਾ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪ੍ਰਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਤੇਜਵੀਰ ਸਿੰਘ ਅਤੇ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਗਿਰਿਸ਼ ਦਿਆਲਨ ਵੀ ਹਾਜ਼ਰ ਸਨ।
—-