ਚੰਡੀਗੜ੍ਹ ਅਤੇ ਹਰਿਆਣਾ ‘ਚ ਕਈ ਥਾਵਾਂ ‘ਤੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਰੌਕ ਗਾਰਡਨ ਵਿੱਚ ਕਰਵਾਏ ਸਮਾਗਮ ’ਚ ਕੀਤੀ ਸ਼ਮੂਲੀਅਤ
ਚੰਡੀਗੜ੍ਹ, 21 ਜੂਨ (ਪੰਜਾਬ ਮੇਲ)- ਚੰਡੀਗੜ੍ਹ ਅਤੇ ਹਰਿਆਣਾ ‘ਚ ਕਈ ਥਾਵਾਂ ‘ਤੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮਾਂ ‘ਚ ਸ਼ੁੱਕਰਵਾਰ ਨੂੰ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵਿਸ਼ਵ ਪ੍ਰਸਿੱਧ ਰੌਕ ਗਾਰਡਨ ਵਿੱਚ ਮੁੱਖ ਸਮਾਗਮ ਕਰਵਾਇਆ ਗਿਆ, ਜਿੱਥੇ ਬੱਦਲਵਾਈ ਅਤੇ ਠੰਢੀ ਹਵਾ ਦੇ ਵਿਚਕਾਰ ਸਵੇਰੇ ਹੀ ਵੱਡੀ ਗਿਣਤੀ ਵਿੱਚ ਲੋਕ ਯੋਗਾ ਕਰਨ ਲਈ ਪੁੱਜੇ। ਰੌਕ ਗਾਰਡਨ ਵਿੱਚ ਕਰਵਾਏ ਗਏ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਸਮੂਹ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਲਗਭਗ 2,000 ਲੋਕ ਸ਼ਾਮਲ ਹੋਏ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਸ਼ਹਿਰ ਵਿੱਚ ਮੁੱਖ ਸਮਾਗਮ ਵਿੱਚ ਆਪਣੇ ਕੈਬਨਿਟ ਸਾਥੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਅਗਵਾਈ ਕੀਤੀ।
ਇਸ ਸਾਲ ਦੀ ਥੀਮ ‘ਸਵੈ ਅਤੇ ਸਮਾਜ ਲਈ ਯੋਗਾ'( ‘Yoga for Self and Society’ ਹੈ।, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਕਿ ਕਿਵੇਂ ਯੋਗਾ ਨਾ ਸਿਰਫ਼ ਨਿੱਜੀ ਸਿਹਤ ਨੂੰ ਵਧਾਉਂਦਾ ਹੈ ਸਗੋਂ ਸਮਾਜਿਕ ਤੰਦਰੁਸਤੀ ਵਿੱਚ ਵੀ ਯੋਗਦਾਨ ਪਾਉਂਦਾ ਹੈ।
ਪੰਜਾਬ ਵਿੱਚ, ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਡੀਆਈਜੀ ਬ੍ਰਿਗੇਡੀਅਰ ਪਵਨ ਬਜਾਜ (ਸੇਵਾਮੁਕਤ) ਦੀ ਨਿਗਰਾਨੀ ਹੇਠ ਅੰਮ੍ਰਿਤਸਰ ਨੇੜੇ ਅਟਾਰੀ ਵਿਖੇ ਸਾਂਝੀ ਚੈਕ ਪੋਸਟ ‘ਤੇ ਜ਼ੀਰੋ ਲਾਈਨ ‘ਤੇ ਯੋਗਾ ਕੀਤਾ।
ਚੰਡੀਗੜ੍ਹ ਵਿੱਚ, ਕਈ ਯੋਗਾ ਐਸੋਸੀਏਸ਼ਨਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੇ 100 ਤੋਂ ਵੱਧ ਸਥਾਨਾਂ ‘ਤੇ ਆਯੋਜਿਤ ਸਮਾਗਮ ਵਿੱਚ ਹਿੱਸਾ ਲਿਆ, ਯੋਗਾ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।