ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਨੇ ਲਾਇਆ ਧੱਕੇਸ਼ਾਹੀ ਦਾ ਦੋਸ਼
ਬਰਨਾਲਾ, 16 ਫਰਵਰੀ (ਤਰਸੇਮ ਗੋਇਲ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਬਰਨਾਲਾ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਮੰਗਲਵਾਰ ਨੂੰ ਸਟਾਂਗ ਰੂਮ ’ਚ ਐਂਟਰੀ ਪਾਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਅਜਾਦ ਉਮੀਦਵਾਰਾਂ ਵਲੋਂ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਐਸਡੀਐਮ ਦਫ਼ਤਰ ਬਰਨਾਲਾ ’ਚ ਸ਼ਾਮ 5 ਵਜੇ ਤੱਕ 182 ਉਮੀਦਵਾਰਾਂ ਦੇ ਚੋਣ ਕੇਂਦਰਾਂ ’ਚ ਐਂਟਰੀ ਪਾਸ ਬਣਾਏ ਜਾਣੇ ਸਨ, ਪਰ ਐਂਟਰੀ ਪਾਸ ’ਚ ਪੱਖਪਾਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਐਸਡੀਐਮ ਵਰਜੀਤ ਸਿੰਘ ਵਾਲੀਆ ਵਲੋਂ ਸ਼ਾਂਤ ਕਰਵਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਅਬਜਰਵਰ ਜਤਿੰਦਰ ਜਿੰਮੀ ਤੇ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਐਸਡੀਐਮ ਦਫ਼ਤਰ ਬਰਨਾਲਾ ’ਚ ਚੋਣ ਅਮਲੇ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਜਿਸ ’ਚ ਕਾਂਗਰਸੀ ਉਮੀਦਵਾਰਾਂ ਦੇ ਐਂਟਰੀ ਪਾਸ ਬਿਨ੍ਹਾਂ ਕਿਸੇ ਦਰੀ ਬਣਾਏ ਜਾ ਰਹੇ ਹਨ, ਜਦਕਿ ਬਾਕੀ ਇੰਤਜਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਾਮ 5 ਵਜੇ ਤੱਕ ਐਂਟਰੀ ਪਾਸ ਬਣਨੇ ਸਨ, ਪਰ ਦੁਪਹਿਰ ਤੱਕ ਸ਼੍ਰੋਮਣੀ ਅਕਾਲੀ ਦੇ ਉਮੀਦਵਾਰਾਂ ਦੇ ਪਾਸ ਨਹੀਂ ਬਣਾਏ ਗਏ ਹਨ ਤੇ ਇਸ ਤਰ੍ਹਾਂ ਅਜ਼ਾਦ ਦੇ ਐਂਟਰੀ ਪਾਸ ਵੀ ਨਹੀਂ ਬਣਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ।
ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਚੋਣ ਕੇਂਦਰਾਂ ’ਚ ਉਮੀਦਵਾਰਾਂ ਤੇ ਕਾਊਂਟਿੰਗ ਏਜੰਟਾਂ ਦੇ ਪੁਰਾਣੇ ਐਂਟਰੀ ਪਾਸਾਂ ਰਾਹੀਂ ਹੀ ਦਾਖਲ ਹੋਣ ਦਿੱਤਾ ਜਾਵੇਗਾ ਤੇ ਕਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਵਾਰਾਂ ਤੇ ਉਨ੍ਹਾਂ ਦੇ ਕਾਊਂਟਿੰਗ ਏਜੰਟਾਂ ਦੇ ਐਂਟਰੀ ਪਾਸ ਪਹਿਲਾਂ ਹੀ ਬਣਾਏ ਗਏ ਹਨ ਉਨ੍ਹਾਂ ਨੂੰ ਬਣਾਉਣ ਦੀ ਜਰੂਰਤ ਨਹੀਂ ਹੈ ਤੇ ਉਸ ਪਾਸ ਰਾਹੀਂ ਹੀ ਦਾਖਲ ਹੋਣ ਦਿੱਤਾ ਜਾਵੇਗਾ। ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।